
ਇਜ਼ਰਾਈਲ ਲਈ ਇਹ ਮਿਸਰ ਅਤੇ ਸੀਰੀਆ ਨਾਲ 1973 ਦੀ ਜੰਗ ਤੋਂ ਬਾਅਦ ਸਭ ਤੋਂ ਘਾਤਕ ਯੁੱਧ ਸਾਬਤ ਹੋ ਰਿਹਾ ਹੈ
ਦੀਰ ਅਲ-ਬਲਾਹ (ਗਾਜ਼ਾ ਪੱਟੀ): ਹਮਾਸ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਸੰਘਰਸ਼ ਵਿਚ 2,329 ਫਲਸਤੀਨੀ ਮਾਰੇ ਗਏ ਹਨ ਅਤੇ ਇਹ ਪੰਜ ਗਾਜ਼ਾ ਯੁੱਧਾਂ ’ਚੋਂ ਫਲਸਤੀਨੀਆਂ ਲਈ ਸਭ ਤੋਂ ਘਾਤਕ ਯੁੱਧ ਬਣ ਗਿਆ ਹੈ। ਗ਼ਜ਼ਾ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ, ਇਜ਼ਰਾਈਲ ਅਤੇ ਹਮਾਸ ਵਿਚਕਾਰ 2014 ਦੀ ਲੜਾਈ ’ਚ 2,251 ਫਲਸਤੀਨੀ ਮਾਰੇ ਗਏ ਸਨ, ਜਿਨ੍ਹਾਂ ’ਚੋਂ 1,462 ਆਮ ਨਾਗਰਿਕ ਸਨ। ਐਤਵਾਰ ਨੂੰ ਮੌਜੂਦਾ ਜੰਗ ’ਚ ਮਰਨ ਵਾਲਿਆਂ ਦੀ ਗਿਣਤੀ 2014 ਦੀ ਜੰਗ ਨਾਲੋਂ ਵੱਧ ਗਈ ਹੈ। 2014 ਦੀ ਲੜਾਈ ਛੇ ਹਫ਼ਤੇ ਚੱਲੀ ਅਤੇ ਛੇ ਨਾਗਰਿਕਾਂ ਸਮੇਤ ਇਜ਼ਰਾਈਲ ਵਾਲੇ ਪਾਸੇ 74 ਲੋਕਾਂ ਦੀ ਮੌਤ ਹੋ ਗਈ।
ਮੌਜੂਦਾ ਯੁੱਧ ਕਰੀਬ ਇਕ ਹਫ਼ਤਾ ਪਹਿਲਾਂ ਸ਼ੁਰੂ ਹੋਇਆ ਸੀ ਜਦੋਂ ਹਮਾਸ ਦੇ ਲੜਾਕਿਆਂ ਨੇ ਅਚਾਨਕ ਦਖਣੀ ਇਜ਼ਰਾਈਲ ’ਤੇ ਹਮਲਾ ਕਰ ਦਿਤਾ ਸੀ। ਇਨ੍ਹਾਂ ਹਮਲਿਆਂ ’ਚ 1,300 ਤੋਂ ਵੱਧ ਇਜ਼ਰਾਈਲੀ ਮਾਰੇ ਗਏ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ਆਮ ਨਾਗਰਿਕ ਵੀ ਸ਼ਾਮਲ ਹਨ। ਇਜ਼ਰਾਈਲ ਲਈ ਇਹ ਮਿਸਰ ਅਤੇ ਸੀਰੀਆ ਨਾਲ 1973 ਦੀ ਜੰਗ ਤੋਂ ਬਾਅਦ ਸਭ ਤੋਂ ਘਾਤਕ ਯੁੱਧ ਸਾਬਤ ਹੋ ਰਿਹਾ ਹੈ।