
ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਇਕ ਭਾਰਤੀ ਵਿਅਕਤੀ ਹੁਸ਼ਿਆਰ ਸਿੰਘ ਉਮਰ 40 ਸਾਲ 'ਤੇ ਚਾਕੂਆਂ ਨਾਲ ਲਗਾਤਾਰ ਵਾਰ ਕਰ ਕੇ ਮਾਰ ਦਿਤਾ ਗਿਆ.....
ਮਿਲਾਨ : ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਇਕ ਭਾਰਤੀ ਵਿਅਕਤੀ ਹੁਸ਼ਿਆਰ ਸਿੰਘ ਉਮਰ 40 ਸਾਲ 'ਤੇ ਚਾਕੂਆਂ ਨਾਲ ਲਗਾਤਾਰ ਵਾਰ ਕਰ ਕੇ ਮਾਰ ਦਿਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਾੜਨ ਲਈ ਅੱਗ ਲਾ ਦਿਤੀ ਗਈ। ਇਸ ਕਤਲ ਦੇ ਸਬੰਧ 'ਚ ਇਟਲੀ ਦੀ ਪੁਲਿਸ ਵਲੋਂ ਮ੍ਰਿਤਕ ਦੇ ਨਾਲ ਰਹਿਣ ਵਾਲੇ ਉਸ ਦੇ ਹੀ ਇਕ ਸਾਥੀ ਭਾਰਤੀ ਸੰਜੇ ਨਾਂ ਦੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਤੇ ਉਸ ਤੋਂ ਲਗਾਤਾਰ ਪੁੱਛ-ਪੜਤਾਲ ਜਾਰੀ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਇਕ ਪਾਕਿਸਤਾਨੀ ਨਾਗਰਿਕ ਤੋਂ ਵੀ ਪੁੱਛ-ਪੜਤਾਲ ਕੀਤੀ ਗਈ।
ਮ੍ਰਿਤਕ ਹੁਸ਼ਿਆਰ ਸਿੰਘ 'ਤੇ ਚਾਕੂਆਂ ਦੇ ਲਗਾਤਾਰ 36 ਵਾਰ ਕੀਤੇ ਗਏ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਅੱਗ ਲਾ ਦਿਤੀ ਗਈ ਪਰ ਸਵੇਰੇ 6:30 ਵਜੇ ਜਦੋਂ ਘਰ ਨੇੜਿਓਂ ਲੰਘਣ ਵਾਲੇ ਕਿਸੇ ਵਿਅਕਤੀ ਨੂੰ ਲਾਸ਼ ਦੇ ਸੜਨ ਦੀ ਬਦਬੂ ਆਈ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿਤੀ। ਮ੍ਰਿਤਕ ਹੁਸ਼ਿਆਰ ਸਿੰਘ ਹਾਲੇ ਕੁਝ ਦਿਨ ਪਹਿਲਾਂ ਹੀ ਅਪਣੇ ਸਾਥੀ ਸੰਜੇ ਨਾਲ ਰਹਿਣ ਲਈ ਪਾਦੋਵਾ ਸ਼ਹਿਰ ਆਇਆ ਸੀ। ਇਸ ਕਤਲ ਪਿੱਛੇ ਕੀ ਵਜ੍ਹਾ ਹੈ। ਇਸ ਦਾ ਪਤਾ ਲਾਉਣ ਲਈ ਇਟਾਲੀਅਨ ਪੁਲਿਸ ਤੱਥਾਂ ਦੀ ਜਾਂਚ-ਪੜਤਾਲ ਕਰ ਰਹੀ ਹੈ। (ਏਜੰਸੀਆਂ)