
ਪਾਕਿਸਤਾਨ ਕੁਲਭੂਸ਼ਣ ਜਾਧਵ ਮਾਮਲੇ ਵਿਚ ਅੰਤਰਰਾਸ਼ਟਰੀ ਅਦਾਲਤ ਦਾ ਫੈਸਲਾ ਲਾਗੂ ਕਰਨ ਲਈ ਵਚਨਬੱਧ ਹੈ....
ਇਸਲਾਮਾਬਾਦ : ਪਾਕਿਸਤਾਨ ਕੁਲਭੂਸ਼ਣ ਜਾਧਵ ਮਾਮਲੇ ਵਿਚ ਅੰਤਰਰਾਸ਼ਟਰੀ ਅਦਾਲਤ ਦਾ ਫੈਸਲਾ ਲਾਗੂ ਕਰਨ ਲਈ ਵਚਨਬੱਧ ਹੈ। ਇਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਨੇ ਮਾਮਲੇ ਵਿਚ ਸੁਣਵਾਈ ਲਈ ਸ਼ੁਕਰਵਾਰ ਨੂੰ ਹੇਗ ਲਈ ਵਫ਼ਦ ਦੇ ਰਵਾਨਾ ਹੋਣ 'ਤੇ ਇਹ ਜਾਣਕਾਰੀ ਦਿਤੀ। ਇਸ ਮਾਮਲੇ ਦੀ ਵਿਸ਼ਵ ਅਦਾਲਤ ਵਿਚ 18 ਫਰਵਰੀ ਤੋਂ ਸੁਣਵਾਈ ਸ਼ੁਰੂ ਹੋਵੇਗੀ। ਆਈ.ਸੀ.ਜੇ. ਦੀ 10 ਮੈਂਬਰੀ ਬੈਂਚ ਨੇ 18 ਮਈ 2017 ਵਿਚ ਪਾਕਿਸਤਾਨ ਨੂੰ ਮਾਮਲੇ ਵਿਚ ਨਿਆਂਇਕ ਫੈਸਲਾ ਆਉਣ ਤੱਕ ਜਾਧਵ ਨੂੰ ਸਜ਼ਾ ਦੇਣ ਤੋਂ ਰੋਕ ਦਿਤਾ ਸੀ।
ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨ ਦੇ ਅਟਾਰਨੀ ਜਨਰਲ ਅਨਵਰ ਮਨਸੂਰ ਆਈ.ਸੀ.ਜੇ. ਵਿਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰਨਗੇ ਜਦਕਿ ਦਖਣੀ ਏਸ਼ੀਆ ਦੇ ਡਾਇਰੈਕਟਰ ਜਨਰਲ ਮੁਹੰਮਦ ਫੈਜ਼ਲ ਵਿਦੇਸ਼ ਮੰਤਰਾਲੇ ਵਲੋਂ ਵਫ਼ਦ ਦੀ ਅਗਵਾਈ ਕਰਨਗੇ। ਆਈ.ਸੀ.ਜੇ. ਨੇ ਹੇਗ ਵਿਚ 18 ਤੋਂ 21 ਫਰਵਰੀ ਤੱਕ ਮਾਮਲੇ ਵਿਚ ਜਨਤਕ ਸੁਣਵਾਈ ਦਾ ਸਮਾਂ ਤੈਅ ਕੀਤਾ ਹੈ ਅਤੇ ਮਾਮਲੇ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹਰੀਸ਼ ਸਾਲਵੇ ਦੇ 18 ਫ਼ਰਵਰੀ ਤੋਂ ਪਹਿਲਾਂ ਦਲੀਲਾਂ ਪੇਸ਼ ਕਰਨ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਸੀਨੀਅਰ ਵਕੀਲ ਖਾਵਰ ਕੁਰੈਸ਼ੀ 19 ਫਰਵਰੀ ਨੂੰ ਦੇਸ਼ ਵਲੋਂ ਦਲੀਲਾਂ ਪੇਸ਼ ਕਰਨਗੇ।
ਇਸ ਦੇ ਬਾਅਦ ਭਾਰਤ 20 ਫਰਵਰੀ ਨੂੰ ਇਸ 'ਤੇ ਜਵਾਬ ਦੇਵੇਗਾ। ਜਦਕਿ ਇਸਲਾਮਾਬਾਦ 21 ਫਰਵਰੀ ਨੂੰ ਅਪਣੀਆਂ ਆਖਰੀ ਦਲੀਲਾਂ ਪੇਸ਼ ਕਰੇਗਾ। ਅਜਿਹੀ ਉਮੀਦ ਹੈ ਕਿ ਆਈ.ਸੀ.ਜੇ. ਦਾ ਫੈਸਲਾ 2019 ਦੀਆਂ ਗਰਮੀਆਂ ਵਿਚ ਆ ਸਕਦਾ ਹੈ। (ਪੀਟੀਆਈ)