
ਆਸਟਰੇਲੀਆ ’ਚ ਭਾਰਤੀ ਹਾਈ ਕਮਿਸ਼ਨ ਨੇ ‘ਦਿਲ ਦਹਿਲਾ ਦੇਣ ਵਾਲੀ ਘਟਨਾ’ ਬਾਰੇ ਦਿਤੀ ਜਾਣਕਾਰੀ
ਮੈਲਬਰਨ: ਆਸਟਰੇਲੀਆ ਦੇ ਕੁਈਨਜ਼ਲੈਂਡ ਦੇ ਇਕ ਦੂਰ-ਦੁਰਾਡੇ ਇਲਾਕੇ ’ਚ ਹੜ੍ਹ ਨਾਲ ਸਬੰਧਤ ਘਟਨਾ ’ਚ ਇਕ 28 ਸਾਲ ਦੀ ਭਾਰਤੀ ਔਰਤ ਅਪਣੀ ਕਾਰ ’ਚ ਮ੍ਰਿਤਕ ਮਿਲੀ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਕੈਨਬਰਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਇਕ ਟੀਮ ਇਸ ਮਾਮਲੇ ਵਿਚ ਹਰ ਲੋੜੀਂਦੀ ਸਹਾਇਤਾ ਲਈ ਸੰਪਰਕ ਵਿਚ ਹੈ।
ਹਾਈ ਕਮਿਸ਼ਨ ਨੇ ਕਿਹਾ, ‘‘ਆਸਟਰੇਲੀਆ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ। ਕੁਈਨਜ਼ਲੈਂਡ ਦੇ ਮਾਊਂਟ ਈਸਾ ਨੇੜੇ ਹੜ੍ਹ ਕਾਰਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਵਾਰ ਨਾਲ ਸਾਡੀ ਡੂੰਘੀ ਹਮਦਰਦੀ ਹੈ। ਹਾਈ ਕਮਿਸ਼ਨ ਦੀ ਇਕ ਟੀਮ ਹਰ ਲੋੜੀਂਦੀ ਸਹਾਇਤਾ ਲਈ ਸੰਪਰਕ ’ਚ ਹੈ।’’
ਮਾਊਂਟ ਈਸਾ ਪੁਲਿਸ ਦੇ ਜ਼ਿਲ੍ਹਾ ਸੁਪਰਡੈਂਟ ਟੌਮ ਅਰਮਿਤ ਨੇ ਕਿਹਾ ਕਿ ਪੁਲਿਸ ਔਰਤ ਦੀ ਮੌਤ ਨਾਲ ਜੁੜੇ ਹਾਲਾਤ ਦੀ ਜਾਂਚ ਕਰ ਰਹੀ ਹੈ। ਔਰਤ ਦੀ ਪਛਾਣ ਜ਼ਾਹਰ ਨਹੀਂ ਕੀਤੀ ਗਈ ਹੈ। ਆਰਮਿਟ ਨੇ ਦਸਿਆ ਕਿ ਔਰਤ ਨੇ ਮਾਊਂਟ ਈਸਾ ਨੂੰ ਫਾਸਫੇਟ ਹਿੱਲ ਖਦਾਨ ਨਾਲ ਜੋੜਨ ਵਾਲੀ ਦੂਰ-ਦੁਰਾਡੇ ਸੜਕ ਕਲੋਨਕਰੀ ਡਚੇਸ ਸਟ੍ਰੀਟ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਹੜ੍ਹ ਦਾ ਪਾਣੀ ਜਮ੍ਹਾ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਸੜਕ ’ਤੇ ਸਿਰਫ ਇਕ ਫੁੱਟ ਪਾਣੀ ਸੀ, ਜਿਸ ’ਤੇ ਔਰਤ ਨੇ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਵਹਾਅ ਏਨਾ ਤੇਜ਼ ਸੀ ਕਿ ਉਸ ਦੀ ਗੱਡੀ ਵਹਿ ਗਈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੁਈਨਜ਼ਲੈਂਡ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮਾਂ ਨੂੰ ਗੱਡੀ ਅਤੇ ਪੀੜਤ ਤਕ ਪਹੁੰਚਣ ਲਈ ਸੱਦਣਾ ਪਿਆ। ਇੰਸਿਟੇਕ ਪਿਵੋਟ ਲਿਮਟਿਡ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਔਰਤ ਕੰਪਨੀ ਲਈ ਕੰਮ ਕਰਦੀ ਸੀ। ਕੰਪਨੀ ਦਾ ਫਾਸਫੇਟ ਹਿੱਲ ’ਚ ਇਕ ਨਿਰਮਾਣ ਪਲਾਂਟ ਹੈ।