
ਟਰੰਪ ਦਾ ਕਹਿਣਾ ਹੈ ਕਿ ਸੰਘੀ ਸਰਕਾਰ ’ਚ ਬਹੁਤ ਸਾਰਾ ਪੈਸਾ ਬਰਬਾਦ ਹੋ ਗਿਆ ਹੈ।
America Donald Trump administration lays off 10,000 employees: ਡੋਨਾਲਡ ਟਰੰਪ ਪ੍ਰਸ਼ਾਸਨ ਨੇ ਸਰਕਾਰੀ ਖ਼ਰਚੇ ਨੂੰ ਘੱਟ ਕਰਨ ਦੀ ਦਿਸ਼ਾ ’ਚ ਇਕ ਹੋਰ ਕਦਮ ਚੁਕਦਿਆਂ 9,500 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਨੌਕਰੀਉਂ ਕੱਢ ਦਿਤਾ ਹੈ। ਇਨ੍ਹਾਂ ’ਚ ਅੰਦਰੂਨੀ, ਊਰਜਾ, ਪੁਰਾਣੇ ਮਾਮਲਿਆਂ, ਖੇਤੀ ਤੇ ਸਿਹਤ ਤੇ ਮਨੁੱਖੀ ਸੇਵਾ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਹਨ। ਇਹ ਉਨ੍ਹਾਂ 75 ਹਜ਼ਾਰ ਮਜ਼ਦੂਰਾਂ ਤੋਂ ਇਲਾਵਾ ਹਨ, ਜਿਨ੍ਹਾਂ ਨੇ ਅਪਣੀ ਇੱਛਾ ਨਾਲ ਨੌਕਰੀ ਛੱਡਣ ਦੀ ਪੇਸ਼ਕਸ਼ ਸਵੀਕਾਰੀ ਸੀ।
ਟਰੰਪ ਦਾ ਕਹਿਣਾ ਹੈ ਕਿ ਸੰਘੀ ਸਰਕਾਰ ’ਚ ਬਹੁਤ ਸਾਰਾ ਪੈਸਾ ਬਰਬਾਦ ਹੋ ਗਿਆ ਹੈ। ਸਰਕਾਰ ’ਤੇ ਕਰੀਬ 36 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਤੇ ਪਿਛਲੇ ਸਾਲ ਉਸ ਨੂੰ 1.8 ਟ੍ਰਿਲੀਅਨ ਡਾਲਰ ਦਾ ਘਾਟਾ ਹੋਇਆ ਸੀ। ਸੁਧਾਰ ਦੀ ਲੋੜ ’ਤੇ ਦੋਵਾਂ ਪਾਰਟੀਆਂ ’ਚ ਸਹਿਮਤੀ ਹੈ ਪਰ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਟਰੰਪ ਸੰਘੀ ਖ਼ਰਚ ’ਤੇ ਵਿਧਾਨਪਾਲਿਕਾ ਦੇ ਸੰਵਿਧਾਨਕ ਅਧਿਕਾਰ ਦਾ ਕਬਜ਼ਾ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਮਸਕ ਦੀਆਂ ਕੋਸ਼ਿਸ਼ਾਂ ਦੀ ਰਫ਼ਤਾਰ ਨੇ ਤਾਲਮੇਲ ਦੀ ਕਮੀ ਨੂੰ ਲੈ ਕੇ ਟਰੰਪ ਦੇ ਕੁੱਝ ਸਹਿਯੋਗੀਆਂ ’ਚ ਨਿਰਾਸ਼ਾ ਪੈਦਾ ਕੀਤੀ ਹੈ।
ਨੌਕਰੀ ’ਚ ਕਟੌਤੀ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਲਗਭਗ ਅੱਧੇ ਪ੍ਰੋਬੇਸ਼ਨਰ ਮੁਲਾਜ਼ਮਾਂ ਤੇ ਰਾਸ਼ਟਰੀ ਸਿਹਤ ਸੰਸਥਾਨ ਦੇ ਹੋਰ ਮੁਲਾਜ਼ਮਾਂ ਨੂੰ ਜਬਰੀ ਕਢਿਆ ਜਾ ਰਿਹਾ ਹੈ। ਅਮਰੀਕੀ ਜੰਗਲਾਤ ਸੇਵਾ ਲਗਭਗ 3,400 ਹਾਲੀਆ ਨਿਯੁਕਤੀਆਂ ਨੂੰ ਕੱਢ ਰਹੀ ਹੈ, ਜਦਕਿ ਰਾਸ਼ਟਰੀ ਬਾਗ਼ਬਾਨ ਸੇਵਾ ਲਗਭਗ 1,000 ਨੌਕਰੀਆਂ ਨੂੰ ਖ਼ਤਮ ਕਰ ਰਹੀ ਹੈ।
ਕਰ ਸੰਗ੍ਰਹਿ ਕਰਨ ਵਾਲੀ ਅੰਦਰੂਨੀ ਮਾਲ ਸੇਵਾ ਅਗਲੇ ਹਫਤੇ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕਰ ਰਹੀ ਹੈ। ਅਮਰੀਕੀ ਵਾਤਾਵਰਨ ਸੰਭਾਲ ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਦੋ ਸਾਲਾਂ ’ਚ ਕੰਮ ’ਤੇ ਰੱਖੇ ਗਏ 388 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿਤਾ ਹੈ। ਹੋਰ ਖ਼ਰਚਾ ਕਟੌਤੀ ਨੇ ਚਿੰਤਾਵਾਂ ਵਧਾ ਦਿਤੀਆਂ ਹਨ। ਮਹੱਤਵਪੂਰਨ ਸੇਵਾਵਾਂ ਖਤਰੇ ’ਚ ਹਨ। ਲਾਸ ਏਂਜਲਸ ’ਚ ਜੰਗਲ ਦੀ ਅੱਗ ਨਾਲ ਹੋਈ ਤਬਾਹੀ ਦੇ ਇਕ ਮਹੀਨੇ ਬਾਅਦ ਕਟੌਤੀ ਤੋਂ ਪ੍ਰਭਾਵਿਤ ਸੰਗਠਨਾਂ ਨੇ ਆਰਜ਼ੀ ਤੌਰ ’ਤੇ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਕੰਮ ’ਤੇ ਰੱਖਣਾ ਬੰਦ ਕਰ ਦਿਤਾ ਹੈ।