
ਹਵਾਈ ਹਮਲਿਆਂ ਵਿਚ ਘੱਟੋ-ਘੱਟ 31 ਨਾਗਰਿਕ ਮਾਰੇ ਗਏ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਯਮਨ ’ਚ ਹੂਤੀ ਦੇ ਕਬਜ਼ੇ ਵਾਲੇ ਇਲਾਕਿਆਂ ’ਤੇ ਕਈ ਹਵਾਈ ਹਮਲੇ ਕਰਨ ਦੇ ਹੁਕਮ ਦਿਤੇ ਹਨ।
ਟਰੰਪ ਨੇ ਚਿਤਾਵਨੀ ਦਿਤੀ ਹੈ ਕਿ ਈਰਾਨ ਸਮਰਥਿਤ ਹੁਤੀ ਬਾਗ਼ੀਆਂ ਵਿਰੁਧ ਉਦੋਂ ਤਕ ਪੂਰੀ ਤਾਕਤ ਨਾਲ ਹਮਲੇ ਜਾਰੀ ਰਹਿਣਗੇ ਜਦੋਂ ਤਕ ਉਹ ਇਕ ਪ੍ਰਮੁੱਖ ਸਮੁੰਦਰੀ ਗਲਿਆਰੇ ਤੋਂ ਆਉਣ-ਜਾਣ ਵਾਲੇ ਮਾਲਬਰਦਾਰ ਜਹਾਜ਼ਾਂ ’ਤੇ ਹਮਲੇ ਬੰਦ ਨਹੀਂ ਕਰ ਦਿੰਦੇ। ਹੁਤੀ ਨੇ ਕਿਹਾ ਕਿ ਹਵਾਈ ਹਮਲਿਆਂ ਵਿਚ ਘੱਟੋ-ਘੱਟ 31 ਨਾਗਰਿਕ ਮਾਰੇ ਗਏ।
ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ, ‘‘ਸਾਡੇ ਬਹਾਦਰ ਫ਼ੌਜੀ ਅਮਰੀਕੀ ਜਲ ਮਾਰਗਾਂ, ਹਵਾਈ ਅਤੇ ਜਲ ਫ਼ੌਜ ਸੰਪਤੀਆਂ ਦੀ ਰੱਖਿਆ ਕਰਨ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਬਹਾਲ ਕਰਨ ਲਈ ਅਤਿਵਾਦੀਆਂ ਦੇ ਟਿਕਾਣਿਆਂ, ਉਨ੍ਹਾਂ ਦੇ ਮਾਲਕਾਂ ਅਤੇ ਮਿਜ਼ਾਈਲ ਰੱਖਿਆ ’ਤੇ ਹਵਾਈ ਹਮਲੇ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਕੋਈ ਵੀ ਅਤਿਵਾਦੀ ਤਾਕਤ ਅਮਰੀਕੀ, ਵਪਾਰਕ ਅਤੇ ਜਲ ਫ਼ੌਜ ਦੇ ਜਹਾਜ਼ਾਂ ਨੂੰ ਦੁਨੀਆਂ ਦੇ ਜਲ ਖੇਤਰ ’ਚ ਸੁਤੰਤਰ ਰੂਪ ਨਾਲ ਉਡਾਣ ਭਰਨ ਤੋਂ ਨਹੀਂ ਰੋਕ ਸਕੇਗੀ।ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿਤੀ ਕਿ ਉਹ ਬਾਗ਼ੀ ਸਮੂਹ ਨੂੰ ਅਪਣਾ ਸਮਰਥਨ ਬੰਦ ਕਰੇ ਨਹੀਂ ਤਾਂ ਉਸ ਨੂੰ ਉਸ ਦੀਆਂ ਕਾਰਵਾਈਆਂ ਲਈ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਇਆ ਜਾਵੇਗਾ।
ਹੁਤੀ ਨੇ ਸਨਿਚਰਵਾਰ ਸ਼ਾਮ ਨੂੰ ਦਸਿਆ ਕਿ ਉਨ੍ਹਾਂ ਨੇ ਸਨਾ ਅਤੇ ਸਾਊਦੀ ਅਰਬ ਦੀ ਸਰਹੱਦ ’ਤੇ ਵਿਦਰੋਹੀਆਂ ਦੇ ਗੜ੍ਹ ਸਾਦਾ ’ਤੇ ਸਨਿਚਰਵਾਰ ਅਤੇ ਐਤਵਾਰ ਨੂੰ ਹਵਾਈ ਹਮਲੇ ਕੀਤੇ ਸਨ। ਉਨ੍ਹਾਂ ਨੇ ਐਤਵਾਰ ਤੜਕੇ ਹੁਦੇਦਾ, ਬਾਇਦਾ ਅਤੇ ਮਾਰਿਬ ਸੂਬਿਆਂ ’ਚ ਹਵਾਈ ਹਮਲਿਆਂ ਦੀ ਵੀ ਖਬਰ ਦਿਤੀ।ਇਕ ਅਮਰੀਕੀ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਇਹ ਹੂਤੀ ਟਿਕਾਣਿਆਂ ’ਤੇ ਹਵਾਈ ਹਮਲਿਆਂ ਦੀ ਸ਼ੁਰੂਆਤ ਹੈ ਅਤੇ ਇਸ ਤੋਂ ਬਾਅਦ ਹੋਰ ਹਮਲੇ ਕੀਤੇ ਜਾਣਗੇ।
ਹੂਤੀ ਵਿਦਰੋਹੀਆਂ ਵਲੋਂ ਚਲਾਏ ਜਾ ਰਹੇ ਸਿਹਤ ਮੰਤਰਾਲੇ ਦੇ ਬੁਲਾਰੇ ਅਨੀਸ ਅਲ-ਅਸਬਾਹੀ ਨੇ ਐਤਵਾਰ ਨੂੰ ਕਿਹਾ ਕਿ ਰਾਤ ਭਰ ਹੋਏ ਹਮਲਿਆਂ ਵਿਚ 101 ਲੋਕ ਜ਼ਖਮੀ ਵੀ ਹੋਏ ਹਨ। ਹੁਤੀ ਨੇ ਸਨਿਚਰਵਾਰ ਸ਼ਾਮ ਨੂੰ ਦਸਿਆ ਕਿ ਉਨ੍ਹਾਂ ਨੇ ਸਨਾ ਅਤੇ ਸਾਊਦੀ ਅਰਬ ਦੀ ਸਰਹੱਦ ’ਤੇ ਵਿਦਰੋਹੀਆਂ ਦੇ ਗੜ੍ਹ ਸਾਦਾ ’ਤੇ ਸਨਿਚਰਵਾਰ ਅਤੇ ਐਤਵਾਰ ਨੂੰ ਹਵਾਈ ਹਮਲੇ ਕੀਤੇ ਸਨ। ਉਨ੍ਹਾਂ ਨੇ ਐਤਵਾਰ ਤੜਕੇ ਹੁਦੇਦਾ, ਬਾਇਦਾ ਅਤੇ ਮਾਰਿਬ ਸੂਬਿਆਂ ’ਚ ਹਵਾਈ ਹਮਲਿਆਂ ਦੀ ਵੀ ਖਬਰ ਦਿਤੀ।
ਹੂਤੀ ਮੀਡੀਆ ਦਫਤਰ ਦੇ ਉਪ ਮੁਖੀ ਨਸਰੂਦੀਨ ਆਮੇਰ ਨੇ ਕਿਹਾ ਕਿ ਹਵਾਈ ਹਮਲੇ ਉਨ੍ਹਾਂ ਨੂੰ ਨਹੀਂ ਰੋਕ ਸਕਣਗੇ ਅਤੇ ਉਹ ਅਮਰੀਕਾ ਵਿਰੁਧ ਜਵਾਬੀ ਕਾਰਵਾਈ ਕਰਨਗੇ। ਇਕ ਹੋਰ ਬਾਗ਼ੀ ਬੁਲਾਰੇ ਮੁਹੰਮਦ ਅਬਦੁੱਲਸਲਾਮ ਨੇ ‘ਐਕਸ’ ’ਤੇ ਇਕ ਪੋਸਟ ਵਿਚ ਟਰੰਪ ਦੇ ਦਾਅਵੇ ਨੂੰ ਝੂਠਾ ਅਤੇ ਗੁਮਰਾਹਕੁੰਨ ਦਸਿਆ ਕਿ ਹੂਤੀ ਕੌਮਾਂਤਰੀ ਜਲ ਮਾਰਗਾਂ ਲਈ ਖਤਰਾ ਹਨ।