
ਭਾਰਤ ’ਚ ਉਪ ਰਾਸ਼ਟਰਪਤੀ ਅਗਲੇ ਹਫਤੇ ਦੇ ਸ਼ੁਰੂ ’ਚ ਨਵੀਂ ਦਿੱਲੀ, ਜੈਪੁਰ ਅਤੇ ਆਗਰਾ ਦਾ ਦੌਰਾ ਕਰਨਗੇ।
ਵਾਸ਼ਿੰਗਟਨ/ਨਿਊਯਾਰਕ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵਾਂਸ ਅਗਲੇ ਹਫਤੇ ਭਾਰਤ ਦੀ ਯਾਤਰਾ ਕਰਨਗੇ। ਵਾਂਸ 18 ਅਪ੍ਰੈਲ ਤੋਂ 24 ਅਪ੍ਰੈਲ ਤਕ ਇਟਲੀ ਅਤੇ ਉਸ ਤੋਂ ਬਾਅਦ ਭਾਰਤ ਦੀ ਯਾਤਰਾ ਕਰਨਗੇ। ਉਪ-ਰਾਸ਼ਟਰਪਤੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਉਪ ਰਾਸ਼ਟਰਪਤੀ ਦੋਹਾਂ ਦੇਸ਼ਾਂ ਦੇ ਨੇਤਾਵਾਂ ਨਾਲ ਸਾਂਝੀਆਂ ਆਰਥਕ ਅਤੇ ਭੂ-ਸਿਆਸੀ ਤਰਜੀਹਾਂ ’ਤੇ ਚਰਚਾ ਕਰਨਗੇ। ਭਾਰਤ ’ਚ ਉਪ ਰਾਸ਼ਟਰਪਤੀ ਅਗਲੇ ਹਫਤੇ ਦੇ ਸ਼ੁਰੂ ’ਚ ਨਵੀਂ ਦਿੱਲੀ, ਜੈਪੁਰ ਅਤੇ ਆਗਰਾ ਦਾ ਦੌਰਾ ਕਰਨਗੇ।
ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਉਪ ਰਾਸ਼ਟਰਪਤੀ ਅਤੇ ਦੂਜਾ ਪਰਵਾਰ ਸਭਿਆਚਾਰਕ ਸਥਾਨਾਂ ’ਤੇ ਪ੍ਰੋਗਰਾਮਾਂ ਵਿਚ ਵੀ ਹਿੱਸਾ ਲੈਣਗੇ।ਪਿਛਲੇ ਮਹੀਨੇ ਪੋਲਿਟੀਕੋ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਸੀ ਕਿ ਅਮਰੀਕੀ ਦੀ ਦੂਜੀ ਮਹਿਲਾ ਬਣਨ ਤੋਂ ਬਾਅਦ ਊਸ਼ਾ ਵਾਂਸ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਊਸ਼ਾ ਦੇ ਮਾਤਾ-ਪਿਤਾ ਕਿ੍ਰਸ਼ ਚਿਲੂਕੁਰੀ ਅਤੇ ਲਕਸ਼ਮੀ ਚਿਲੂਕੁਰੀ 1970 ਦੇ ਦਹਾਕੇ ਦੇ ਅਖੀਰ ’ਚ ਭਾਰਤ ਤੋਂ ਅਮਰੀਕਾ ਚਲੇ ਗਏ ਸਨ।
ਊਸ਼ਾ ਅਤੇ ਵਾਂਸ ਦੀ ਮੁਲਾਕਾਤ ਯੇਲ ਲਾਅ ਸਕੂਲ ’ਚ ਪੜ੍ਹਦੇ ਸਮੇਂ ਹੋਈ ਸੀ। ਊਸ਼ਾ ਅਮਰੀਕੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੌਨ ਜੀ. ਰਾਬਰਟਸ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਲਈ ਯੂ.ਐਸ. ਕੋਰਟ ਆਫ ਅਪੀਲਜ਼ ਦੇ ਜੱਜ ਬ੍ਰੇਟ ਕੈਵਨਾਗ ਲਈ ਕਲਰਕ ਵੀ ਰਹਿ ਚੁਕੀ ਹੈ। ਉਸ ਕੋਲ ਯੇਲ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਵੀ ਹੈ, ਜਿੱਥੇ ਉਹ ਗੇਟਸ ਕੈਂਬਰਿਜ ਸਕਾਲਰ ਸੀ।