
ਪਾਕਿਸਤਾਨ ਵਿਚ ਬਲੋਚਿਸਤਾਨ ਸੂਬਾ ਦੇ ਮਾਸਤੁੰਗ ਵਿਚ ਇਕ ਕੈਡੇਟ ਕਾਲਜ ਦੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ...
ਕਰਾਚੀ, 16 ਮਈ : ਪਾਕਿਸਤਾਨ ਵਿਚ ਬਲੋਚਿਸਤਾਨ ਸੂਬਾ ਦੇ ਮਾਸਤੁੰਗ ਵਿਚ ਇਕ ਕੈਡੇਟ ਕਾਲਜ ਦੇ ਵਿਦਿਆਰਥੀਆਂ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਉਸ ਦੇ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਤਿਵਾਦ ਵਿਰੋਧੀ ਵਿਭਾਗ (ਸੀਟੀਡੀ) ਦੇ ਡੀਆਈਜੀ ਇਜ਼ਾਜ ਗੁਰਾਇਆ ਨੇ ਬਲੋਚਿਸਤਾਨ ਹਾਈ ਕੋਰਟ ਦੇ ਬੈਂਚ ਨੂੰ ਬੀਤੇ ਦਿਨ ਦਸਿਆ ਕਿ ਪ੍ਰਿੰਸੀਪਲ ਜਾਵੇਦ ਇਕਬਾਲ ਬੰਗਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
teacher torturing students
ਆਦਲਤ ਨੇ ਵੀਡੀਉ 'ਤੇ ਨੋਟਸ ਲੈਣ ਤੋਂ ਬਾਅਦ ਪ੍ਰਿੰਸੀਪਲ ਨੂੰ ਤੁਰਤ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿਤਾ ਸੀ। ਇਸ ਵੀਡੀਉ ਵਿਚ ਲਾਲ ਰੰਗ ਦੀ ਵਰਦੀ ਪਹਿਨੇ ਵਿਦਿਆਰਥੀਆਂ ਨੂੰ ਕਾਲਜ ਦੇ ਮੈਦਾਨ ਵਿੱਚ ਕੁੱਝ ਲੋਕਾਂ ਦੁਆਰਾ ਡੰਡਿਆਂ ਨਾਲ ਬੇਰਹਿਮੀ ਨਾਲ ਕੁਟਦੇ ਹੋਏ ਦੇਖਿਆ ਜਾ ਸਕਦਾ ਹੈ। ਕੁੱਝ ਵਿਦਿਆਰਥੀਆਂ ਨੂੰ ਦਰਦ ਨਾਲ ਕੁਰਲਾਉਂਦੇ ਅਤੇ ਮਾਰ-ਕੁੱਟ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਪ੍ਰਿੰਸੀਪਲ ਦੇ ਆਦੇਸ਼ 'ਤੇ 9 ਮਈ ਨੂੰ ਇਹ ਘਟਨਾ ਹੋਈ।
teacher torturing students
ਪਟੀਸ਼ਨ ਦਾਖ਼ਲ ਹੋਣ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਗੁਰਾਇਆ ਨੇ ਦਸਿਆ ਕਿ ਇਸ ਘਟਨਾ ਵਿਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸਾਰੇ ਵਿਦਿਆਰਥੀਆਂ ਦੀ ਡਾਕਟਰੀ ਜਾਂਚ ਕਰਵਾਈ ਗਈ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਇਸ ਮਾਮਲੇ ਵਿਚ ਇਕ ਰਿਪੋਰਟ ਸੌਂਪਣ ਦਾ ਆਦੇਸ਼ ਦਿਤਾ ਹੈ। ਇਕ ਹੋਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਕ ਵਿਦਿਆਰਥੀ ਨੇ ਗੁਪਤ ਤਰੀਕੇ ਨਾਲ ਘਟਨਾ ਦੀ ਵੀਡੀਉ ਬਣਾਈ ਅਤੇ ਇਸ ਨੂੰ ਵਾਇਰਲ ਕਰ ਦਿਤਾ ਗਿਆ।
teacher torturing students
ਅਧਿਕਾਰੀ ਨੇ ਦੱਸਿਆ ਕਿ ਪ੍ਰਿੰਸੀਪਲ ਨੂੰ ਸਜ਼ਾ ਦੇਣ ਦੇ ਲਈ ਪੁਰਾਣੇ ਵਿਦਿਆਰਥੀਆਂ ਨੂੰ ਬੁਲਾਇਆ ਸੀ| ਉਨ੍ਹਾਂ ਦਸਿਆ ਕਿ ਬੰਗਸ਼ ਦੇ ਬੇਟੇ ਨੂੰ ਇਕ ਵਿਦਿਆਰਥੀ ਨੇ ਥੱਪੜ ਮਾਰਿਆ ਸੀ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਇਹ ਸਜ਼ਾ ਦਿਤੀ ਗਈ। ਬਲੋਚਿਸਤਾਨ ਸਰਕਾਰ ਨੇ ਸੂਬੇ ਵਿਚ ਸਾਰੇ ਵਿਦਿਅਕ ਸੰਸਥਾਵਾਂ ਵਿਚ ਪਹਿਲਾਂ ਹੀ ਸਰੀਰਕ ਸਜ਼ਾ 'ਤੇ ਪਾਬੰਦੀ ਲਗਾ ਰੱਖੀ ਹੈ।