
ਟੀਕਾ ਲੱਗਣ ਮਗਰੋਂ ਬਾਂਦਰਾਂ 'ਤੇ ਕੋਈ ਮਾੜਾ ਅਸਰ ਨਹੀਂ ਪਿਆ
ਲੰਦਨ, 15 ਮਈ: ਬ੍ਰਿਟੇਨ ਦੀ ਸੱਭ ਤੋਂ ਵੱਡੀ ਕੋਵਿਡ-19 ਟੀਕਾ ਯੋਜਨਾ ਤਹਿਤ ਬਾਂਦਰਾਂ 'ਤੇ ਕੀਤੇ ਗਏ ਛੋਟੇ ਜਿਹੇ ਤਜਰਬੇ ਦੇ ਚੰਗੇ ਨਤੀਜੇ ਨਜ਼ਰ ਆਏ ਹਨ। ਇਸ ਟੀਕੇ ਦੀ ਪਰਖ ਆਕਸਫ਼ੋਰਡ ਯੂਨੀਵਰਸਿਟੀ ਕਰ ਰਹੀ ਹੈ। ਸੀਐਚਏਡੀਆਕਸ 1 ਐਨਸੀਓਵੀ 19 ਤਜਰਬੇ ਵਿਚ ਲੱਗੇ ਖੋਜਕਾਰਾਂ ਨੇ ਕਿਹਾ ਹੈ ਕਿ ਟੀਕੇ ਨਾਲ 'ਰੀਸਸ ਮੈਕਿਊ' ਨਸਲ ਦੇ ਬਾਂਦਰਾ ਦੇ ਰੋਗ-ਵਿਰੋਧ ਢਾਂਚੇ ਦੁਆਰਾ ਮਾਰੂ ਵਾਇਰਸ ਦੇ ਅਸਰ ਨੂੰ ਰੋਕੇ ਜਾਣ ਦੇ ਸੰਕੇਤ ਮਿਲੇ ਹਨ ਅਤੇ ਇਸ ਦਾ ਕੋਈ ਮਾੜਾ ਅਸਰ ਵੀ ਨਹੀਂ ਦਸਿਆ।
File Photo
ਅਧਿਐਨ ਮੁਤਾਬਕ ਟੀਕੇ ਦੀ ਇਕ ਖ਼ੁਰਾਕ ਫੇਫੜਿਆਂ ਅਤੇ ਉਨ੍ਹਾਂ ਅੰਗਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੀ ਹੈ ਜਿਨ੍ਹਾਂ 'ਤੇ ਵਾਇਰਸ ਗੰਭੀਰ ਅਸਰ ਪਾ ਸਕਦਾ ਹੈ। ਅਧਿਐਨਕਾਰਾਂ ਨੇ ਵੇਖਿਆ ਕਿ ਕੋਰੋਨਾ ਵਾਇਰਸ ਦੇ ਵੱਧ ਤੋਂ ਵੱਧ ਪੱਧਰ ਦੇ ਸੰਪਰਕ ਕਰਾਉਣ ਮਗਰੋਂ ਵੀ ਟੀਕਾ ਲਗਵਾਉਣ ਵਾਲੇ ਛੇ ਵਿਚੋਂ ਕਿਸੇ ਵੀ ਬਾਂਦਰ ਨੂੰ ਵਾਇਰਸ ਨਿਮੋਨੀਆ ਨਹੀਂ ਹੋਇਆ।
File photo
ਇਸ ਤੋਂ ਇਲਾਵਾ ਅਜਿਹੇ ਵੀ ਕੋਈ ਸੰਕੇਤ ਨਹੀਂ ਮਿਲੇ ਕਿ ਟੀਕੇ ਨੇ ਜਾਨਵਰਾਂ ਨੂੰ ਕਮਜ਼ੋਰ ਬਣਾ ਦਿਤਾ ਹੋਵੇ। ਇਸ ਪ੍ਰਾਪਤੀ ਨੂੰ ਉਸ ਟੀਕੇ ਲਈ ਹਾਂਪੱਖੀ ਸੰਕੇਤ ਮੰਨਿਆ ਗਿਆ ਹੈ ਜਿਸ ਦਾ ਫ਼ਿਲਹਾਲ ਇਨਸਾਨਾਂ 'ਤੇ ਟੈਸਟ ਕੀਤਾ ਜਾ ਰਿਹਾ ਹੈ ਪਰ ਮਾਹਰਾਂ ਨੇ ਚੌਕਸ ਕੀਤਾ ਹੈ ਕਿ ਇਹ ਵੇਖਣਾ ਹੋਵੇਗਾ ਕਿ ਇਹ ਮਨੁੱਖਾਂ ਵਿਚ ਵੀ ਏਨਾ ਹੀ ਅਸਰਦਾਰ ਹੈ ਜਾਂ ਨਹੀਂ।
File Photo
ਕਿੰਗਜ਼ ਕਾਲਜ ਲੰਦਨ ਦੇ ਫ਼ਾਰਮਾਸੂਟੀਕਲ ਮੈਡੀਸਨ ਦੀ ਵਿਜ਼ੇਟਿੰਗ ਪ੍ਰੋਫ਼ੈਸਰ ਡਾ. ਪੇਨੀ ਵਾਡਰਾ ਨੇ ਕਿਹਾ, 'ਇਹ ਨਤੀਜੇ ਮਨੁੱਖਾਂ 'ਤੇ ਜਾਰੀ ਟੀਕੇ ਦੇ ਤਜਰਬੇ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।' ਖੋਜ ਦੀ ਅਗਵਾਈ ਕਰ ਰਹੀ ਆਕਸਫ਼ੋਰਡ ਯੂਨੀਵਰਸਿਟੀ ਵਿਚ ਟੀਕਾ ਵਿਗਿਆਨ ਦੀ ਅਧਿਆਪਕ ਸਾਰਾਹ ਗਿਲਬਰਟ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਟੀਕੇ ਦੀ ਸਫ਼ਲਤਾ ਵਿਚ ਅਥਾਹ ਭਰੋਸਾ ਹੈ।