39 ਸਾਲਾ ਉੱਤਮ ਭੰਡਾਰੀ ਦੀ ਹੋਈ ਮੌਤ, ਕਰੀਬ 46,000 ਰੁਪਏ ਦੇ ਕਰਜ਼ੇ ਨੂੰ ਲੈ ਕੇ ਦਿਤਾ ਵਾਰਦਾਤ ਨੂੰ ਅੰਜਾਮ
ਕੰਪਾਲਾ ਮੈਟਰੋਪੋਲੀਟਨ ਪੁਲਿਸ ਨੇ ਮੁਲਜ਼ਮ ਇਵਾਨ ਵੈਬਵਾਇਰ ਨੂੰ ਕੀਤਾ ਗ੍ਰਿਫ਼ਤਾਰ
ਜੋਹਨਸਬਰਗ : ਪੂਰਬੀ ਅਫ਼ਰੀਕੀ ਦੇਸ਼ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿਚ 2.1 ਮਿਲੀਅਨ ਸ਼ਿਲਿੰਗ (ਕਰੀਬ 46,000 ਰੁਪਏ) ਦੇ ਕਰਜ਼ੇ ਨੂੰ ਲੈ ਕੇ ਇਕ ਪੁਲਿਸ ਕਾਂਸਟੇਬਲ ਨੇ ਇਕ 39 ਸਾਲਾ ਭਾਰਤੀ ਮੂਲ ਦੇ ਕਾਰੋਬਾਰੀ ਨੂੰ ਚੋਰੀ ਦੀ ਏ.ਕੇ.-47 ਰਾਈਫਲ ਨਾਲ ਗੋਲੀ ਮਾਰ ਦਿਤੀ। ਘਟਨਾ ਦੇ ਸਮੇਂ ਦੋਸ਼ੀ ਕਾਂਸਟੇਬਲ ਡਿਊਟੀ 'ਤੇ ਨਹੀਂ ਸੀ। ਇਹ ਜਾਣਕਾਰੀ ਮੀਡੀਆ ਵਿਚ ਨਸ਼ਰ ਖ਼ਬਰਾਂ ਤੋਂ ਮਿਲੀ ਹੈ।
ਕੰਪਾਲਾ ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਇਵਾਨ ਵੈਬਵਾਇਰ (30) ਨੂੰ 12 ਮਈ ਨੂੰ ਉੱਤਮ ਭੰਡਾਰੀ ਨੂੰ ਗੋਲੀ ਮਾਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸਥਾਨਕ ਮੀਡੀਅ ਰਿਪੋਰਟਾਂ ਅਨੁਸਾਰ ਘਟਨਾ ਵਾਲੀ ਥਾਂ ਤੋਂ ਮਿਲੀ ਵੀਡੀਉ ਫੁਟੇਜ ਤੋਂ ਪਤਾ ਲਗਦਾ ਹੈ ਕਿ ਕਿਵੇਂ ਵੈਬਵਾਇਰ ਨੇ ਭੰਡਾਰੀ ਨੂੰ ਬਹੁਤ ਨੇੜਿਉਂ ਗੋਲੀਆਂ ਮਾਰੀਆਂ। ਪੁਲਿਸ ਨੇ ਕਿਹਾ ਕਿ ਭੰਡਾਰੀ ਟੀ.ਐਫ਼.ਐਸ. ਵਿੱਤੀ ਸੇਵਾਵਾਂ ਕੰਪਨੀ ਦਾ ਡਾਇਰੈਕਟਰ ਸੀ ਅਤੇ ਵੈਬਵਾਇਰ ਇਸ ਦਾ ਗਾਹਕ ਸੀ।
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਰਾਹਤ ਦੀ ਖ਼ਬਰ! ਪੰਜਾਬ 'ਚ ਅਗਲੇ ਦੋ ਦਿਨ ਤਕ ਮੀਂਹ ਪੈਣ ਦੀ ਸੰਭਾਵਨਾ
ਖ਼ਬਰਾਂ ਮੁਤਾਬਕ ਕਾਂਸਟੇਬਲ ਨੇ ਕੰਪਨੀ ਤੋਂ ਉਧਾਰ ਲਈ ਹੋਈ ਰਕਮ ਨੂੰ ਲੈ ਕੇ ਦੋਵਾਂ ਵਿਚਾਲੇ ਗਲਤਫ਼ਹਿਮੀ ਹੋ ਗਈ ਸੀ। ਜਦੋਂ ਵੈਬਵਾਇਰ ਨੂੰ 12 ਮਈ ਨੂੰ ਉਸ ਦੇ ਕਰਜ਼ੇ ਦੀ ਰਕਮ ਬਾਰੇ ਸੂਚਿਤ ਕੀਤਾ ਗਿਆ ਤਾਂ ਉਸ ਨੇ ਕਥਿਤ ਤੌਰ 'ਤੇ ਭੰਡਾਰੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿਤਾ ਅਤੇ ਦਾਅਵਾ ਕੀਤਾ ਕਿ ਰਕਮ ਵੱਧ ਗਈ ਹੈ।
ਕੰਪਾਲਾ ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਪੈਟਰਿਕ ਓਨਯਾਂਗੋ ਦੇ ਹਵਾਲੇ ਨਾਲ ਸਥਾਨਕ ਮੀਡੀਅ ਨੇ ਦੱਸਿਆ ਕਿ ਭੰਡਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਵੈਬਵਾਇਰ ਅਪਣੀ ਏ.ਕੇ.-47 ਰਾਈਫ਼ਲ ਉਥੇ ਛੱਡ ਕੇ ਭੱਜ ਗਿਆ। ਪੁਲਿਸ ਨੇ ਮੌਕੇ ਤੋਂ 13 ਗੋਲੀਆਂ ਬਰਾਮਦ ਕੀਤੀਆਂ ਹਨ।
ਪੁਲਿਸ ਨੇ ਕਿਹਾ ਕਿ ਵੈਬਵਾਇਰ ਦਾ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਜਿਸ ਕਾਰਨ ਉਸ ਨੂੰ ਦੋ ਵਾਰ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਅਤੇ ਵੈਬਵਾਇਰ ’ਤੇ ਪੰਜ ਸਾਲਾਂ ਲਈ ਹਥਿਆਰ ਚੁੱਕਣ 'ਤੇ ਪਾਬੰਦੀ ਲਗਾਈ ਗਈ ਸੀ। ਖ਼ਬਰਾਂ ਮੁਤਾਬਕ ਵੈਬਵਾਇਰ ਨੂੰ ਫਿਲਹਾਲ ਪੂਰਬੀ ਯੂਗਾਂਡਾ ਦੇ ਬੁਸੀਆ ਪੁਲਿਸ ਸਟੇਸ਼ਨ 'ਚ ਰੱਖਿਆ ਗਿਆ ਹੈ। ਵੈਬਵਾਇਰ ਨੇ ਇਹ ਰਾਈਫ਼ਲ ਆਪਣੇ ਰੂਮਮੇਟ, ਇਕ ਪੁਲਿਸ ਮੁਲਾਜ਼ਮ ਤੋਂ ਚੋਰੀ ਕੀਤੀ ਸੀ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਜੇਫ਼ਰੀ ਟੂਮੁਸੀਮੇ ਕਾਟਸਿਗਾਜੀ ਨੇ ਯੂਗਾਂਡਾ ਵਿੱ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿਤਾ। ਯੂਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਸੁਰੱਖਿਆ ਬਲਾਂ ਤੋਂ ਜਵਾਬ ਮੰਗਿਆ ਹੈ ਕਿ 'ਆਫ਼ ਡਿਊਟੀ' ਪੁਲਿਸ ਵਾਲੇ ਨੂੰ ਹਥਿਆਰ ਕਿਵੇਂ ਮਿਲਿਆ।