2018 ਵਿਚ ਭਾਰਤ ਚੋਟੀ ਦੇ 20 ਦੇਸ਼ਾਂ ਵਿਚੋਂ 12 ਵੇਂ ਨੰਬਰ 'ਤੇ ਸੀ
ਸੰਯੁਕਤ ਰਾਸ਼ਟਰ, 16 ਜੂਨ : ਭਾਰਤ ਨੂੰ ਸਾਲ 2019 ਵਿਚ 51 ਅਰਬ ਡਾਲਰ ਦਾ ਨਿਵੇਸ਼ ਮਿਲਿਆ ਅਤੇ ਇਸ ਲਿਹਾਜ਼ ਨਾਲ ਉਹ ਸਾਲ ਦੌਰਾਨ ਦੁਨੀਆ ਭਰ ਵਿਚ ਵਧੇਰੇ ਪ੍ਰਤੱਖ ਵਿਦੇਸ਼ੀ ਨਿਵੇਸ਼(ਐਫ਼.ਡੀ.ਆਈ) ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿਚ ਭਾਰਤ ਨੌਵੇਂ ਸਥਾਨ 'ਤੇ ਰਿਹਾ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਕਾਰੋਬਾਰੀ ਇਕਾਈ ਦੀ ਇਕ ਰੀਪੋਰਟ ਵਿਚ ਦਿਤੀ ਗਈ ਹੈ।
ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਕਾਨਫਰੰਸ (ਅੰਕਟਾਡ) ਨੇ ਸੋਮਵਾਰ ਨੂੰ ਜਾਰੀ ਕੀਤੀ ਇਕ ਰੀਪੋਰਟ ਵਿਚ ਕਿਹਾ ਹੈ ਕਿ ਭਾਰਤ 'ਚ ਕੋਵਿਡ-19 ਦੇ ਬਾਅਦ ਕਮਜ਼ੋਰ ਪਰ ਸਕਾਰਾਤਮਕ ਆਰਥਕ ਵਾਧਾ ਹਾਸਲ ਹੋਣ ਅਤੇ ਭਾਰਤ ਦੀ ਵਿਸ਼ਾਲ ਮਾਰਕੀਟ ਦੇਸ਼ ਲਈ ਨਿਵੇਸ਼ ਨੂੰ ਆਕਰਸ਼ਤ ਕਰਨਾ ਜਾਰੀ ਰਖੇਗਾ।
ਅੰਕਟਾਡ ਦੀ ਵਿਸ਼ਵ ਨਿਵੇਸ਼ ਰੀਪੋਰਟ 2020 ਵਿਚ ਕਿਹਾ ਗਿਆ ਹੈ ਕਿ ਭਾਰਤ ਸਾਲ 2019 'ਚ 51 ਅਰਬ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹਾਸਲ ਕਰਨ ਦੇ ਨਾਲ ਸਾਲ ਦੌਰਾਨ ਦੁਨੀਆ ਭਰ ਵਿਚ ਨੌਵੇਂ ਸਥਾਨ 'ਤੇ ਰਿਹਾ। ਇਸ ਤੋਂ ਪਿਛਲੇ ਸਾਲ 2018 ਵਿਚ ਭਾਰਤ ਨੂੰ 42 ਅਰਬ ਡਾਲਰ ਦਾ ਐਫ.ਡੀ.ਆਈ. ਹਾਸਲ ਹੋਇਆ ਸੀ। ਉਸ ਸਮੇਂ ਭਾਰਤ ਐਫਡੀਆਈ ਪ੍ਰਾਪਤ ਕਰਨ ਵਾਲੇ ਚੋਟੀ ਦੇ 20 ਦੇਸ਼ਾਂ ਵਿਚੋਂ 12 ਵੇਂ ਨੰਬਰ 'ਤੇ ਸੀ।
ਵਿਕਾਸਸ਼ੀਲ ਏਸ਼ੀਆ ਖੇਤਰ ਵਿਚ ਭਾਰਤ ਸਭ ਤੋਂ ਜ਼ਿਆਦਾ ਐਫ.ਡੀ.ਆਈ. ਹਾਸਲ ਕਰਨ ਵਾਲੇ ਸਿਖਰ ਪੰਜ ਦੇਸ਼ਾਂ ਵਿਚ ਸ਼ਾਮਲ ਰਿਹਾ। ਰੀਪੋਰਟ ਵਿਚ ਕਿਹਾ ਗਿਆ ਹੈ ਕਿ 2020 ਵਿਚ ਵਿਸ਼ਵਵਿਆਪੀ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿਚ 40 ਫ਼ੀ ਸਦੀ ਤਕ ਦੀ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਗਿਰਾਵਟ 2019 ਵਿਚ ਹੋਏ 1,540 ਅਰਬ ਡਾਲਰ ਦੀ ਆਮਦ ਦੇ ਮੁਕਾਬਲੇ ਆ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ 2005 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਸ਼ਵ ਦੇ ਦੇਸ਼ਾਂ ਵਿਚ ਐਫਡੀਆਈ ਪਹਿਲੀ ਵਾਰ ਇਕ ਹਜ਼ਾਰ ਅਰਬ ਡਾਲਰ ਦੇ ਅੰਕੜੇ ਤੋਂ ਹੇਠਾਂ ਆ ਜਾਵੇਗੀ।
ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਏਸ਼ੀਆ ਦੇ ਵਿਕਾਸਸ਼ੀਲ ਦੇਸ਼ਾਂ ਵਿਚ ਐਫਡੀਆਈ ਦਾ ਪ੍ਰਵਾਹ 2020 ਵਿਚ 45 ਫ਼ੀ ਸਦੀ ਤਕ ਘਟਣ ਦਾ ਅਨੁਮਾਨ ਹੈ। ਦਖਣੀ ਏਸ਼ੀਆ ਦੇ ਦੇਸ਼ਾਂ ਵਿਚ ਵੀ ਐਫ.ਡੀ.ਆਈ. 'ਚ 2020 ਦੌਰਾਨ ਗਿਰਾਵਟ ਆਉਣ ਦੀ ਉਮੀਦ ਹੈ।
(ਪੀਟੀਆਈ)