ਪ੍ਰਾਜੈਕਟ ਦੇ ਪੂਰਾ ਹੋਣ ਬਾਅਦ ਭਾਰਤ ਨੂੰ ਹੋਵੇਗਾ ਵੱਡਾ ਫ਼ਾਇਦਾ
ਤਹਿਰਾਨ : ਬੀਤੇ ਦਿਨੀਂ ਭਾਰਤੀ ਮੀਡੀਆ ਦੇ ਇਕ ਹਿੱਸੇ ਅੰਦਰ ਚਾਬਹਾਰ-ਜਾਹੇਦਾਨ ਰੇਲਵੇ ਪ੍ਰਾਜੈਕਟ ਵਿਚੋਂ ਭਾਰਤ ਨੂੰ ਬਾਹਰ ਕਰ ਦੇਣ ਦੀਆਂ ਖ਼ਬਰਾਂ ਛਪੀਆਂ ਸਨ। ਇਸੇ ਨੂੰ ਲੈ ਕੇ ਇਰਾਨ ਸਰਕਾਰ ਵਲੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਰਾਨ ਨੇ ਅਜਿਹੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਭਾਰਤ ਨੂੰ ਇਸ ਪ੍ਰਾਜੈਕਟ ਵਿਚੋਂ ਬਾਹਰ ਕਰ ਦੇਣ ਦੀਆਂ ਖ਼ਬਰ ਨੂੰ ਬੇਬੁਨਿਆਦ ਦਸਿਆ ਹੈ।
ਕਾਬਲੇਗੌਰ ਹੈ ਕਿ ਭਾਰਤੀ ਅਖ਼ਬਾਰ ਮੀਡੀਆ ਦੇ ਇਕ ਹਿੱਸੇ 'ਚ ਪ੍ਰਕਾਸ਼ਤ ਖ਼ਬਰਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਚਾਬਹਾਰ ਪ੍ਰਾਜੈਕਟ ਨਾਲੋਂ ਭਾਰਤ ਨੂੰ ਵੱਖ ਕਰ ਦਿਤਾ ਗਿਆ ਹੈ। ਇਰਾਨ ਦੇ Port and Maritime Organization ਦੇ Farhad Montaser ਮੁਤਾਬਕ ਭਾਰਤੀ ਮੀਡੀਆ 'ਚ ਪ੍ਰਕਾਸ਼ਿਤ ਖ਼ਬਰਾਂ ਵਿਚਲਾ ਇਹ ਦਾਅਵਾ ਪੂਰੀ ਤਰ੍ਹਾਂ ਗ਼ਲਤ ਹੈ।
ਇਰਾਨੀ ਅਧਿਕਾਰੀ ਮੁਤਾਬਕ ਚਾਬਹਾਰ 'ਚ ਨਿਵੇਸ਼ ਲਈ ਇਰਾਨ ਨੇ ਭਾਰਤ ਨਾਲ ਸਿਰਫ਼ ਦੋ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਇਕ ਪੋਰਟ ਦੀ ਮਸ਼ੀਨਰੀ ਤੇ ਉਪਕਰਣਾਂ ਲਈ ਤੇ ਦੂਜਾ ਭਾਰਤ ਦੇ 150 ਮਿਲੀਅਨ ਡਾਲਰ ਦੇ ਨਿਵੇਸ਼ ਨੂੰ ਲੈ ਕੇ ਹੈ। ਕੁੱਲ ਮਿਲਾ ਕੇ ਉਨ੍ਹਾਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਇਰਾਨ-ਭਾਰਤ ਦੇ ਸਹਿਯੋਗ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ ਗਈ ਹੈ।
ਦੱਸ ਦਈਏ ਕਿ ਪਿਛਲੇ ਦਿਨਾਂ ਦੌਰਾਨ ਇਰਾਨ ਨੇ ਸੰਕੇਤ ਦਿਤੇ ਸਨ ਕਿ ਚਾਬਹਾਰ ਸੈਕਟਰ 'ਚ ਚੀਨ ਦੀਆਂ ਕੰਪਨੀਆਂ ਨੂੰ ਵੱਡੀ ਹਿੱਸੇਦਾਰੀ ਮਿਲ ਸਕਦੀ ਹੈ। ਇਰਾਨ ਤੇ ਚੀਨ 'ਚ ਇਕ ਸਮਝੌਤੇ ਦੇ ਤਹਿਤ ਚੀਨੀ ਕੰਪਨੀਆਂ ਅਗਲੇ 25 ਸਾਲਾਂ 'ਚ ਇੱਥੇ 400 ਅਰਬ ਡਾਲਰ ਦਾ ਨਿਵੇਸ਼ ਕਰਨਗੀਆਂ। ਇਰਾਨ ਦੇ ਇਸ ਫ਼ੈਸਲੇ 'ਤੇ ਭਾਰਤ ਸਰਕਾਰ ਨੇ ਅਧਿਕਾਰੀਕ ਤੌਰ 'ਤੇ ਅਜੇ ਤਕ ਕੋਈ ਬਿਆਨ ਨਹੀਂ ਦਿਤਾ।
ਕਾਬਲੇਗੌਰ ਹੈ ਕਿ ਇਰਾਨ ਦੇ ਦੱਖਣੀ ਤੱਟ 'ਤੇ ਸਥਿਤ ਚਾਬਹਾਰ ਪੋਰਟ ਦੇ ਵਿਕਾਸ ਨਾਲ ਭਾਰਤ ਨੂੰ ਸੀਆਈਐੱਸ ਦੇਸ਼ਾਂ ਤਕ ਪਹੁੰਚਾਉਣ ਦੀ ਰਾਹ ਆਸਾਨ ਹੋ ਜਾਵੇਗੀ। ਸੀਆਈਐੱਸ ਦੇਸ਼ਾਂ ਤਕ ਪਹੁੰਚਣ 'ਚ ਖ਼ਰਚੇ ਦੀ ਵੀ ਬਚਤ ਹੋ ਸਕੇਗੀ। ਇਸ ਦੇ ਮੁਹੱਈਆ ਹੋ ਜਾਣ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਤੋਂ ਮਦਦ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਸੀਆਈਐੱਸ (Commonwealth and Independent States) ਦੇਸ਼ਾਂ 'ਚ ਅਰਮੀਨੀਆ, ਅਜ਼ਰਬਾਈਜਾਨ, ਬੇਲਾਰੂਸ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ ਅਤੇ ਉਜ਼ਬੇਕਿਸਤਾਨ ਵਰਗੇ ਦੇਸ਼ ਸ਼ਾਮਲ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।