
ਅਸੀਸਪ੍ਰੀਤ ਨੇ ਕੈਨੇਡਾ ਵਿਖੇ ਏਅਰ ਕਰਾਫ਼ਟ ਮੇਨਟੈਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਅਤੇ ਨਾਲ ਨਾਲ ਫ਼ਲਾਇੰਗ ਦਾ ਕੋਰਸ ਵੀ ਮੁਕੰਮਲ ਕੀਤਾ
Canada News : ਕੋਟਕਪੂਰਾ ਦੇ ਜੰਮਪਲ ਸਿੱਖ ਨੌਜਵਾਨ ਅਸੀਸਪ੍ਰੀਤ ਸਿੰਘ ਦੇ ਕੈਨੇਡਾ ਵਿਚ ਪਾਇਲਟ ਬਣਨ ’ਤੇ ਜਿਥੇ ਉਸ ਦੇ ਮਾਪੇ ਅਤੇ ਦੋਸਤ-ਮਿੱਤਰ ਖ਼ੁਸ਼ ਹਨ, ਉਥੇ ਅਰੋੜਬੰਸ ਸਭਾ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਅਸੀਸਪ੍ਰੀਤ ਸਿੰਘ ਦੀ ਉਕਤ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਨਵੀਂ ਪੀੜ੍ਹੀ ਦੇ ਬੱਚੇ ਤੇ ਨੌਜਵਾਨ ਅਸੀਸਪ੍ਰੀਤ ਦੀ ਇਸ ਪ੍ਰਾਪਤੀ ਤੋਂ ਪ੍ਰੇਰਨਾ ਜ਼ਰੂਰ ਲੈਣਗੇ।
ਉਕਤ ਹੋਣਹਾਰ ਨੌਜਵਾਨ ਦੇ ਮਾਤਾ-ਪਿਤਾ ਕ੍ਰਮਵਾਰ ਸੁਖਜੀਤ ਕੌਰ ਅਤੇ ਦਲਜੀਤ ਸਿੰਘ ਨੇ ਦਸਿਆ ਕਿ ਸਟੱਡੀ ਵੀਜ਼ੇ ’ਤੇ 2019 ਵਿਚ ਵੈਨਕੂਵਰ (ਕੈਨੇਡਾ) ਵਿਖੇ ਗਏ ਅਸੀਸਪ੍ਰੀਤ ਨੇ ਕੈਨੇਡਾ ਵਿਖੇ ਏਅਰ ਕਰਾਫ਼ਟ ਮੇਨਟੈਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਅਤੇ ਨਾਲ ਨਾਲ ਫ਼ਲਾਇੰਗ ਦਾ ਕੋਰਸ ਵੀ ਮੁਕੰਮਲ ਕੀਤਾ। ਉਨ੍ਹਾਂ ਦਸਿਆ ਕਿ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਫ਼ੈਕਟਰੀ ਵਿਚ ਨੌਕਰੀ ਕਰਦਿਆਂ ਵੀ ਅਪਣੀ ਪੜ੍ਹਾਈ ਜਾਰੀ ਰੱਖੀ ਤੇ ਗੌਟ ਪੀ.ਪੀ.ਐਲ. (ਪ੍ਰਾਈਵੇਟ ਪਾਇਲਟ ਲਾਇਸੰਸ ਇਨ ਕੈਨੇਡਾ) ਹਾਸਲ ਕੀਤਾ।
ਉਨ੍ਹਾਂ ਦਸਿਆ ਕਿ ਕੈਨੇਡਾ ਦੇ ਨਿਯਮਾਂ ਮੁਤਾਬਕ ਪੜ੍ਹਾਈ ਮੁਕੰਮਲ ਹੋਣ ਅਤੇ ਪਾਇਲਟ ਦਾ ਲਾਇਸੰਸ ਮਿਲਣ ਤੋਂ 6 ਮਹੀਨੇ ਬਾਅਦ ਜੁਆਈਨਿੰਗ ਕੀਤੀ ਜਾਂਦੀ ਹੈ। ਅਸੀਸਪ੍ਰੀਤ ਸਿੰਘ ਦੇ ਦਾਦਾ ਪਾਲ ਸਿੰਘ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਅਸੀਸਪ੍ਰੀਤ ਨੇ ਕੈਨੇਡਾ ਵਿਖੇ ਰਹਿ ਕੇ ਅਤੇ ਪਾਇਲਟ ਦੀ ਨੌਕਰੀ ਪ੍ਰਾਪਤ ਕਰਨ ਦੇ ਬਾਵਜੂਦ ਵੀ ਸਾਬਤ ਸੂਰਤ ਹੈ ਅਤੇ ਅਪਣੀ ਸਿੱਖੀ ਨੂੰ ਕਾਇਮ ਰਖਿਆ ਹੋਇਆ ਹੈ। ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਅਸੀਸਪ੍ਰੀਤ ਦੇ ਸਮੁੱਚੇ ਪ੍ਰਵਾਰ ਨੂੰ ਮੁਬਾਰਕਬਾਦ ਦਿਤੀ ਹੈ।