
ਕਿਹਾ, ‘ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ’
Alberta Premier Daniel Smith demands Lawrence Bishnoi Gang be designated as a terrorist organization: ਕੈਨੇਡੀਅਨ ਸੂਬੇ ਅਲਬਰਟਾ ਵਿੱਚ ਵੀ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਤੇਜ਼ ਹੋ ਗਈ ਹੈ। ਸੂਬਾਈ ਸਰਕਾਰ ਨੇ ਇਸ ਗੈਂਗ ਦੀ ਵਧਦੀ ਅੰਤਰਰਾਸ਼ਟਰੀ ਪਹੁੰਚ ਅਤੇ ਕੈਨੇਡਾ ਵਿੱਚ ਇਸ ਦੀਆਂ ਖ਼ਤਰਨਾਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਗੈਂਗ ਕੈਨੇਡਾ ਵਿੱਚ ਹਿੰਸਾ, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ ਵਰਗੇ ਗੰਭੀਰ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਹੈ।
ਇਸ ਤੋਂ ਪਹਿਲਾਂ, ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਵੀ ਬਿਸ਼ਨੋਈ ਗੈਂਗ ਵਿਰੁੱਧ ਕਾਰਵਾਈ ਦੀ ਮੰਗ ਉਠਾਈ ਸੀ। ਬ੍ਰਿਟਿਸ਼ ਕੋਲੰਬੀਆ ਦੇ ਮੁਖੀ ਡੇਵਿਡ ਏਬੀ ਨੇ ਕਿਹਾ ਸੀ ਕਿ ਜਬਰੀ ਵਸੂਲੀ ਅਤੇ ਹੋਰ ਅਪਰਾਧਾਂ ਨਾਲ ਨਜਿੱਠਣ ਲਈ ਜਾਂਚ ਏਜੰਸੀਆਂ ਦੀ ਮਦਦ ਕਰਨ ਲਈ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਅਤਿਵਾਦੀ ਸੰਗਠਨ ਐਲਾਨਿਆ ਜਾਣਾ ਚਾਹੀਦਾ ਹੈ।
ਏਬੀ ਨੇ ਇਹ ਵੀ ਦੱਸਿਆ ਸੀ ਕਿ ਜਬਰੀ ਵਸੂਲੀ ਦੀਆਂ ਧਮਕੀਆਂ ਦੇ ਨਾਲ-ਨਾਲ ਗੋਲੀਬਾਰੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਨਾ ਸਿਰਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਸਗੋਂ ਐਡਮੰਟਨ ਅਤੇ ਬ੍ਰੈਂਪਟਨ ਵਰਗੇ ਹੋਰ ਸ਼ਹਿਰਾਂ ਵਿੱਚ ਵੀ ਹੋ ਰਹੀਆਂ ਹਨ। ਲਾਰੈਂਸ ਬਿਸ਼ਨੋਈ ਗੈਂਗ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹੁਣ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਮੰਤਰੀ ਮਾਈਕ ਐਲਿਸ ਨੇ ਵੀ ਬਿਸ਼ਨੋਈ ਗੈਂਗ ਨੂੰ ਅਤਿਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੈਂਗ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਅਤੇ ਇਸ ਦੀ ਪਹੁੰਚ ਪੂਰੀ ਦੁਨੀਆਂ ਵਿੱਚ ਫੈਲੀ ਹੋਈ ਹੈ।
ਸਮਿੱਥ ਅਤੇ ਐਲਿਸ ਨੇ ਇੱਕ ਸਾਂਝੇ ਸੋਸ਼ਲ ਮੀਡੀਆ ਬਿਆਨ ਵਿੱਚ ਕਿਹਾ, ਲਾਰੈਂਸ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ, ਜੋ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਹਿੰਸਾ, ਜਬਰੀ ਵਸੂਲੀ, ਟਾਰਗੇਟ ਕਿਲਿੰਗ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੈ। ਇਸ ਦੀ ਪਹੁੰਚ ਵਿਸ਼ਵਵਿਆਪੀ ਹੈ ਅਤੇ ਇਸ ਦਾ ਇਰਾਦਾ ਅਪਰਾਧਿਕ ਅਤੇ ਹਿੰਸਕ ਹੈ।
ਅਲਬਰਟਾ ਦੀ ਸਪੱਸ਼ਟ ਚੇਤਾਵਨੀ - 'ਤੁਹਾਡਾ ਇੱਥੇ ਸਵਾਗਤ ਨਹੀਂ ਹੈ'
ਬਿਆਨ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਇਸ ਗੈਂਗ ਦੀਆਂ ਗਤੀਵਿਧੀਆਂ ਨਾ ਤਾਂ ਸੀਮਾਵਾਂ ਨੂੰ ਜਾਣਦੀਆਂ ਹਨ ਅਤੇ ਨਾ ਹੀ ਉਨ੍ਹਾਂ ਦਾ ਸਨਮਾਨ ਕਰਦੀਆਂ ਹਨ। ਅਲਬਰਟਾ ਇੱਕ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ - 'ਤੁਹਾਡਾ ਇੱਥੇ ਸਵਾਗਤ ਨਹੀਂ ਹੈ।'
ਸਮਿਥ ਅਤੇ ਐਲਿਸ ਨੇ ਕਿਹਾ ਕਿ ਜੇਕਰ ਬਿਸ਼ਨੋਈ ਗੈਂਗ ਨੂੰ ਅਤਿਵਾਦੀ ਸੰਗਠਨ ਘੋਸ਼ਿਤ ਕੀਤਾ ਜਾਂਦਾ ਹੈ, ਤਾਂ ਸੂਬਾਈ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਜਿਹੇ ਨੈੱਟਵਰਕ ਦੇ ਸੰਚਾਲਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਸ਼ਕਤੀ ਅਤੇ ਸਰੋਤ ਮਿਲਣਗੇ। ਇਹ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ।
ਦੱਖਣੀ ਏਸ਼ੀਆਈ ਭਾਈਚਾਰੇ 'ਤੇ ਪ੍ਰਭਾਵ
ਬਿਆਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅਲਬਰਟਾ ਅਤੇ ਪੂਰੇ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰਾ ਇਸ ਗਿਰੋਹ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋਇਆ ਹੈ। ਸਮਿੱਥ ਅਤੇ ਐਲਿਸ ਨੇ ਕਿਹਾ, ਅਸੀਂ ਅਤਿਵਾਦੀ ਸੰਗਠਨਾਂ, ਗਰੋਹਾਂ ਅਤੇ ਹਿੰਸਕ ਅਪਰਾਧੀਆਂ ਨੂੰ ਅਲਬਰਟਾ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਤੋਂ ਰੋਕਣ ਲਈ ਵਚਨਬੱਧ ਹਾਂ।
ਦੋਵਾਂ ਨੇਤਾਵਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਮੁੱਦੇ 'ਤੇ ਤੁਰੰਤ ਕਾਰਵਾਈ ਕਰਨ ਅਤੇ ਸਾਰੇ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਹੁਣ ਕਾਰਵਾਈ ਦਾ ਸਮਾਂ ਹੈ। ਸੰਘੀ ਸਰਕਾਰ ਨੂੰ ਇਸ ਗਰੋਹ ਨੂੰ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕੈਨੇਡੀਅਨ ਨਾਗਰਿਕ ਸੁਰੱਖਿਅਤ ਮਹਿਸੂਸ ਕਰ ਸਕਣ।