
71 ਸਾਲਾਂ ਦਾ ਮਕਾਨ ਮਾਲਕ ਹੀ ਬਣਿਆ ਕਾਤਲ, ਬੱਚੇ ’ਤੇ ਚਾਕੂ ਨਾਲ ਦਰਜਨਾਂ ਵਾਰੀ ਵਾਰ ਕੀਤੇ ਗਏ
ਸ਼ਿਕਾਗੋ: ਛੇ ਸਾਲਾਂ ਦੇ ਬੱਚੇ ਦਾ ਚਾਕੂ ਮਾਰ ਕੇ ਕਤਲ ਕਰਨ ਅਤੇ 32 ਸਾਲਾਂ ਦੀ ਔਰਤ ਨੂੰ ਚਾਕੂ ਦੇ ਹਮਲੇ ਨਾਲ ਜ਼ਖ਼ਮੀ ਕਰਨ ਦੇ ਦੋਸ਼ ’ਚ ਇਲੀਆਨੋਏ ਦੇ 71 ਸਾਲਾਂ ਦੇ ਇਕ ਵਿਅਕਤੀ ’ਤੇ ਨਫ਼ਰਤੀ ਅਪਰਾਧ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਦੋਸ਼ ਹੈ ਕਿ ਮੁਲਜ਼ਮ ਨੇ ਇਨ੍ਹਾਂ ਦੋਹਾਂ ’ਤੇ ਇਨ੍ਹਾਂ ਦੇ ਧਰਮ ਦੇ ਆਧਾਰ ’ਤੇ ਹਮਲਾ ਕੀਤਾ। ਇਹ ਹਮਲਾ ਇਜ਼ਰਾਈਲ ਅਤੇ ਫ਼ਲਸਤੀਨ ਦੀ ਕੱਟੜਪੰਥੀ ਜਥੇਬੰਦੀ ਹਮਾਸ ਵਿਚਕਾਰ ਜਾਰੀ ਜੰਗ ਦੀ ਪਿੱਠਭੂਮੀ ’ਚ ਕੀਤਾ ਗਿਆ ਹੈ।
ਪਿਛਲੇ ਦਿਨੀਂ ਅਮਰੀਕੀ ਸ਼ਹਿਰਾਂ ਅਤੇ ਪੁਲਿਸ ਤੇ ਸੰਘੀ ਅਧਿਕਾਰੀ ਯਹੂਦੀ ਵਿਰੋਧੀ ਜਾਂ ਇਸਲਾਮੀ ਵਿਰੋਧੀ ਭਾਵਨਾ ਕਾਰਨ ਕਿਸੇ ਤਰ੍ਹਾਂ ਦੀ ਹਿੰਸਾ ਨੂੰ ਲੈ ਕੇ ਚੌਕਸ ਹਨ। ਯਹੂਦੀ ਅਤੇ ਮੁਸਲਿਮ ਸਮੂਹਾਂ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਨਫ਼ਰਤ ਅਤੇ ਧਮਕੀ ਭਰੀਆਂ ਗੱਲਾਂ ਨਾਲ ਜੁੜੇ ਮਾਮਲੇ ਵਧੇ ਹਨ। ਵਿਲ ਕਾਊਂਟੀ ਦੇ ਸ਼ੈਰਿਫ਼ ਦੇ ਦਫ਼ਤਰ ਨੇ ਸੋਸ਼ਲ ਮੀਡੀਆ ’ਚ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸ਼ਿਕਾਗੋ ਦੇ ਇਸ ਮਾਮਲੇ ’ਚ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਪਲੇਨਫ਼ੀਲਡ ਟਾਊਨਸ਼ਿਪ ਦੇ ਇਕ ਇਲਾਕੇ ’ਚ ਬੱਚੇ ਅਤੇ ਔਰਤ ਨੂੰ ਜ਼ਖ਼ਮੀ ਹਾਲਤ ’ਚ ਪਾਇਆ।
ਬਿਆਨ ’ਚ ਕਿਹਾ ਗਿਆ ਹੈ ਕਿ ਦੋਹਾਂ ਨੂੰ ਹਸਪਤਾਲ ’ਚ ਲਿਆਂਦਾ ਗਿਆ ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ, ਜਦਕਿ ਔਰਤ ਗੰਭੀਰ ਜ਼ਖ਼ਮੀ ਹੈ। ਪੋਸਟਮਾਰਟਸ ਰੀਪੋਰਟ ਤੋਂ ਪਤਾ ਲਗਿਆ ਹੈ ਕਿ ਬੱਚੇ ’ਤੇ ਚਾਕੂ ਨਾਲ ਦਰਜਨਾਂ ਵਾਰੀ ਵਾਰ ਕੀਤੇ ਗਏ ਸਨ। ਸ਼ੇਰਿਫ਼ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਜਾਂਚਕਰਤਾ ਇਸ ਨਿਚੋੜ ’ਤੇ ਪੁੱਜੇ ਹਨ ਕਿ ਮੁਸਲਮਾਨ ਹੋਣ ਕਾਰਨ ਅਤੇ ਹਮਾਸ ਅਤੇ ਇਜ਼ਰਾਈਲ ਵਿਚਕਾਰ ਜਾਰੀ ਜੰਗ ਕਾਰਨ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।’’
ਸ਼ੇਰਿਫ਼ ਦੇ ਦਫ਼ਤਰ ਨੇ ਦਸਿਆ ਕਿ ਔਰਤ ਨੇ ‘911’ ’ਤੇ ਫ਼ੋਨ ਕਰ ਕੇ ਦਸਿਆ ਕਿ ਉਸ ਦੇ ਮਕਾਨ ਮਾਲਕ ਨੇ ਉਸ ’ਤੇ ਚਾਕੂ ਨਾਲ ਹਮਲਾ ਕੀਤਾ ਜਿਸ ਤੋਂ ਬਾਅਦ ਉਹ ਜਾਨ ਬਚਾਉਣ ਲਈ ਗੁਸਲਖਾਨੇ ’ਚ ਵੜ ਗਈ। ਮੁਲਜ਼ਮ ਜੋਸਫ਼ ਐਮ ਜੁਬਾ ਵਿਰੁਧ ਕਤਲ, ਕਤਲ ਦੀ ਕੋਸ਼ਿਸ਼ ਆਦਿ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਪੀੜਤਾਂ ਦੇ ਨਾਂ ਉਜਾਗਰ ਨਹੀਂ ਕੀਤੇ ਹਨ। ਐਤਵਾਰ ਨੂੰ ‘ਸ਼ਿਕਾਗੋ ਚੈਪਟਰ ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼’ ਵਲੋਂ ਕਰਵਾਏ ਇਕ ਪੱਤਰਕਾਰ ਸੰਮੇਲਨ ’ਚ ਇਕ ਵਿਅਕਤੀ ਨੇ ਖ਼ੁਦ ਨੂੰ ਬੱਚੇ ਦਾ ਚਾਚਾ ਦਸਿਆ ਅਤੇ ਕਿਹਾ ਕਿ ਉਸ ਦਾ ਨਾਂ ਯੂਸੇਫ ਹੈਨਨ ਹੈ। ਉਨ੍ਹਾਂ ਬੱਚੇ ਦਾ ਨਾਂ ਵਾਡੇਆ ਅਲ-ਫਯੂਮ ਦਸਿਆ। ਉਹ ਫ਼ਲਸਤੀਨੀ-ਅਮਰੀਕਾ ਬੱਚਾ ਸੀ ਅਤੇ ਪਿੱਛੇ ਜਿਹੇ ਉਸ ਨੇ ਛੇਵਾਂ ਜਨਮਦਿਨ ਮਨਾਇਆ ਸੀ।