
ਯੂਨੈਸਕੋ ਸੰਮੇਲਨ : ਭਾਰਤੀ ਪ੍ਰਤੀਨਿਧ ਵਲੋਂ ਅਯੋਧਿਆ ਮਾਮਲੇ ਵਿਚ ਦਖ਼ਲ ਲਈ ਪਾਕਿਸਤਾਨ ਦੀ ਚੰਗੀ ਖਿਚਾਈ
ਪੈਰਿਸ : ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਪਾਕਿਸਤਾਨ ਦੇ 'ਬਚਕਾਨਾ ਕੂੜ ਪ੍ਰਚਾਰ' ਤੋਂ ਔਖੇ ਭਾਰਤ ਨੇ ਕਿਹਾ ਕਿ ਉਸ ਦੇ ਸਨਕ ਭਰੇ ਵਿਹਾਰ ਕਾਰਨ ਗੁਆਂਢੀ ਮੁਲਕ ਲਗਭਗ ਨਾਕਾਮ ਦੇਸ਼ ਵਿਚ ਤਬਦੀਲ ਹੋ ਰਿਹਾ ਹੈ। ਭਾਰਤ ਨੇ ਗੁਆਂਢੀ ਦੇਸ਼ ਵਿਚ ਕੱਟੜਤਾ ਭਰੇ ਸਮਾਜ ਅਤੇ ਅਤਿਵਾਦ ਦੀਆਂ ਡੂੰਘੀਆਂ ਜੜ੍ਹਾਂ ਵਲ ਧਿਆਨ ਦਿਵਾਇਆ। ਪੈਰਿਸ ਵਿਚ ਹੋਏ ਯੂਨੈਸਕੋ ਦੇ ਸੰਮੇਲਨ ਵਿਚ ਭਾਰਤੀ ਵਫ਼ਦ ਦੀ ਅਗਵਾਈ ਕਰਨ ਵਾਲੀ ਅਨੰਨਿਆ ਅਗਰਵਾਲ ਨੇ ਕਿਹਾ, 'ਅਸੀਂ ਭਾਰਤ ਵਿਰੁਧ ਜ਼ਹਿਰ ਉਗਲਣ ਲਈ ਯੂਨੈਸਕੋ ਦੀ ਨਿਰਾਸ਼ਜਾਨਕ ਦੁਰਵਰਤੋਂ ਅਤੇ ਇਸ ਦੇ ਰਾਜਸੀਕਰਨ ਦੀ ਸਖ਼ਤ ਨਿਖੇਧੀ ਕਰਦੇ ਹਾਂ।'
UNESCO
ਫ਼ਿਲਹਾਲ ਯੂਨੈਸਕੋ ਲਈ ਭਾਰਤ ਦੀ ਪ੍ਰਤੀਨਿਧ ਵਜੋਂ ਨਿਯੁਕਤ ਅਗਰਵਾਲ ਨੇ ਜਵਾਬ ਦੇਣ ਦੇ ਭਾਰਤ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕਿਹਾ, ' ਅਸੀਂ ਛਲਾਵੇ ਭਰੇ ਮਨਘੜਤ ਝੂਠ ਜ਼ਰੀਏ ਭਾਰਤ ਦਾ ਅਕਸ ਖ਼ਰਾਬ ਕਰਨ ਦੇ ਪਾਕਿਸਤਾਨ ਦੇ ਕੂੜ ਪ੍ਰਚਾਰ ਦਾ ਇਸ ਮੰਚ ਰਾਹੀਂ ਖੰਡਨ ਕਰਦੇ ਹਾਂ।' ਭਾਰਤ ਦਾ ਇਹ ਬਿਆਨ ਪਾਕਿਸਤਾਨ ਦੇ ਸਿਖਿਆ ਮੰਤਰੀ ਸ਼ਫ਼ਕਤ ਮਹਿਮੂਦ ਦੁਆਰਾ ਅਯੋਧਿਆ ਮਾਮਲੇ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਨਿਰਾਸ਼ਾ ਪ੍ਰਗਟ ਕਰਨ ਮਗਰੋਂ ਆਇਆ ਹੈ।
Shafqat Mahmood
ਪਾਕਿਸਤਾਨੀ ਸਿਖਿਆ ਮੰਤਰੀ ਨੇ ਕਿਹਾ ਸੀ ਕਿ ਇਹ ਫ਼ੈਸਲਾ ਧਾਰਮਕ ਆਜ਼ਾਦੀ ਦੀਆਂ ਯੂਨੈਸਕੋ ਦੀਆਂ ਕਦਰਾਂ-ਕੀਮਤਾਂ ਮੁਤਾਬਕ ਨਹੀਂ ਹੈ। ਅਗਰਵਾਲਨੇ ਕਿਹਾ, 'ਅਸੀਂ ਅਯੋਧਿਆ ਮਾਮਲੇ ਵਿਚ ਪਾਕਿਸਤਾਨ ਦੀ ਗ਼ਲਤ ਟਿਪਣੀ ਦੀ ਸਖ਼ਤ ਨਿਖੇਧੀ ਕਰਦੇ ਹਾਂ। ਇਹ ਫ਼ੈਸਲਾ ਕਾਨੂੰਨ ਦੇ ਸ਼ਾਸਨ, ਸਾਰੇ ਧਰਮਾਂ ਲਈ ਬਰਾਬਰ ਸਤਿਕਾਰ ਦੇ ਸਬੰਧ ਵਿਚ ਹੈ।' ਅਗਰਵਾਲ ਨੇ ਕਿਹਾ, 'ਪਾਕਿਸਤਾਨ ਦੇ ਸਨਕ ਭਰੇ ਵਿਹਾਰ ਕਾਰਨ ਇਸ ਦੇਸ਼ ਦਾ ਅਰਥਚਾਰਾ ਕਮਜ਼ੋਰ ਹੋ ਗਿਆ ਹੈ,
ਸਮਾਜ ਵਿਚ ਕੱਟੜਤਾ ਫੈਲੀ ਹੋਈ ਹੈ ਅਤੇ ਅਤਿਵਾਦ ਦੀਆਂ ਡੂੰਘੀਆਂ ਜੜ੍ਹਾਂ ਹਨ।' ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਤਰ੍ਹਾਂ ਦੀ ਬਿਆਨਬਾਜ਼ੀ ਇਸ ਲਈ ਕਰ ਰਿਹਾ ਹੈ ਤਾਕਿ ਅੰਤਰਰਾਸ਼ਟਰੀ ਭਾਈਚਾਰੇ ਸਾਹਮਣੇ ਭਾਰਤ ਦਾ ਅਕਸ ਖ਼ਰਾਬ ਕੀਤਾ ਜਾ ਸਕੇ। ਉਸ ਦੀ ਇਹ ਬਿਆਨਬਾਜ਼ੀ ਅਜਿਹੇ ਸਮੇਂ ਹੋ ਰਹੀ ਹੈ ਜਦ ਪਾਕਿਸਤਾਨ ਵਿਚ ਹੀ ਘੱਟਗਿਣਤੀਆਂ ਦੇ ਹੱਕਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ।