
ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕਰਨ ਵਾਲਾ ਜ਼ਿਲ੍ਹਾ ਅਟਾਰਨੀ ਵਿਲੀਅਮਜ਼ ਬਦਲਿਆ
ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਐਕਸ਼ਨ ਮੋਡ ਵਿਚ ਆ ਗਏ ਹਨ। ਡੋਨਾਲਡ ਟਰੰਪ ਨੇ ਗਰਮਖਿਆਲੀ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕਰਨ ਵਾਲੇ ਜ਼ਿਲ੍ਹਾ ਅਟਾਰਨੀ ਡੇਮੀਅਨ ਵਿਲੀਅਮਜ਼ ਨੂੰ ਬਦਲਣ ਦਾ ਫ਼ੈਸਲਾ ਕੀਤਾ ਹੈ।
ਟਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਸਾਬਕਾ ਚੇਅਰਮੈਨ ਜੇਅ ਕਲੇਅਟਨ ਨੂੰ ਨਿਊਯਾਰਕ ਦੇ ਦੱਖਣੀ ਡਿਸਟ੍ਰਿਕਟ ਦੇ ਜ਼ਿਲ੍ਹਾ ਅਟਾਰਨੀ ਵਜੋਂ ਨਾਮਜ਼ਦ ਕਰ ਰਹੇ ਹਨ। ਟਰੰਪ ਨੇ ‘ਟਰੁੱਥ ਸੋਸ਼ਲ ਪੋਸਟ’ ’ਚ ਕਿਹਾ, ‘‘ਜੇਅ ਸੱਚਾਈ ਦੇ ਮਜ਼ਬੂਤ ਯੋਧਾ ਬਣ ਰਹੇ ਹਨ ਕਿਉਂਕਿ ਅਸੀਂ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾ ਰਹੇ ਹਾਂ।’’
ਸੈਨੇਟ ’ਚ ਮੋਹਰ ਲੱਗਣ ਮਗਰੋਂ ਕਲੇਅਟਨ, ਡੇਮੀਅਨ ਵਿਲੀਅਮਜ਼ ਦੀ ਥਾਂ ਲੈਣਗੇ ਜੋ ਰਵਾਇਤ ਮੁਤਾਬਕ 21 ਜਨਵਰੀ ਨੂੰ ਰਾਸ਼ਟਰਪਤੀ ਬਦਲਣ ਮਗਰੋਂ ਅਸਤੀਫ਼ਾ ਦੇ ਦੇਣਗੇ ਜਾਂ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇਗਾ। ਪਿਛਲੇ ਮਹੀਨੇ ਵਿਲੀਅਮਜ਼ ਨੇ ਰਾਅ ਦੇ ਸਾਬਕਾ ਅਧਿਕਾਰੀ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਸੀ ਜਿਸ ’ਤੇ ਦੋਸ਼ ਹੈ ਕਿ ਉਸ ਨੇ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਲਈ ਇਕ ਵਿਅਕਤੀ ਨੂੰ ਸੁਪਾਰੀ ਦਿੱਤੀ ਸੀ।
ਇਸ ਤੋਂ ਪਹਿਲਾਂ ਵਿਲੀਅਮਜ਼ ਨੇ ਪਿਛਲੇ ਸਾਲ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਮਾਮਲੇ ’ਚ ਸਹਿ-ਸਾਜ਼ਿਸ਼ਕਾਰ ਬਣਾਇਆ ਸੀ। ਨਿਖਿਲ ਨੂੰ ਚੈੱਕ ਗਣਰਾਜ ਤੋਂ ਜੂਨ ’ਚ ਅਮਰੀਕਾ ਲਿਆਂਦਾ ਗਿਆ ਸੀ ਅਤੇ ਉਸ ਦਾ ਨਿਊਯਾਰਕ ਅਦਾਲਤ ਦੇ ਸਦਰਨ ਡਿਸਟ੍ਰਿਕਟ ’ਚ ਵੱਖਰੇ ਤੌਰ ’ਤੇ ਮੁਕੱਦਮਾ ਚੱਲ ਰਿਹਾ ਹੈ। ਉਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਮਾਮਲੇ ਦੀ ਸੁਣਵਾਈ ਅਗਲੇ ਸਾਲ 19 ਜਨਵਰੀ ਨੂੰ ਹੋਵੇਗੀ। ਜੇ ਵਿਲੀਅਮਜ਼ ਅਸਤੀਫ਼ਾ ਦੇ ਦਿੰਦਾ ਹੈ ਤਾਂ ਵੀ ਉਸ ਦੇ ਦਫ਼ਤਰ ਦੇ ਵਕੀਲ ਨਵੇਂ ਅਟਾਰਨੀ ਜਨਰਲ ਦੇ ਅਹੁਦਾ ਸੰਭਾਲਣ ਤੱਕ ਪੈਰਵੀ ਜਾਰੀ ਰਖਣਗੇ।