
ਭਾਰਤੀ ਵਿਦਿਆਰਥੀਆਂ ਦੀ ਗਿਣਤੀ 20.4 ਫੀ ਸਦੀ ਘੱਟ ਕੇ 1,39,914 ਤੋਂ 1,11,329 ਰਹਿ ਗਈ
ਲੰਡਨ: ਬਰਤਾਨੀਆਂ ’ਚ ਉੱਚ ਸਿੱਖਿਆ ਖੇਤਰ ਦੀ ਸਥਿਰਤਾ ’ਤੇ ਇਕ ਨਵੀਂ ਰੀਪੋਰਟ ’ਚ ਪ੍ਰਗਟਾਵਾ ਹੋਇਆ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਬਰਤਾਨੀਆਂ ਦੀਆਂ ਯੂਨੀਵਰਸਿਟੀਆਂ ’ਚ ਅਪਲਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸ ਨਾਲ ਅਜਿਹੇ ਸਮੇਂ ’ਚ ਯੂਨੀਵਰਸਿਟੀਆਂ ਦੇ ਵਿੱਤੀ ਸੰਕਟ ਵਧ ਗਏ ਹਨ ਜਦੋਂ ਸਿਖਿਆ ਸੰਸਥਾਨ ਪਹਿਲਾਂ ਹੀ ਸੀਮਤ ਬਜਟ ਦਾ ਸਾਹਮਣਾ ਕਰ ਰਹੇ ਹਨ।
ਸ਼ੁਕਰਵਾਰ ਨੂੰ ਜਾਰੀ ‘ਆਫਿਸ ਫਾਰ ਸਟੂਡੈਂਟਸ’ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ 20.4 ਫੀ ਸਦੀ ਘੱਟ ਕੇ 1,39,914 ਤੋਂ 1,11,329 ਰਹਿ ਗਈ ਹੈ। ਬਰਤਾਨੀਆਂ ਵਿਚ ਭਾਰਤੀ ਵਿਦਿਆਰਥੀ ਸਮੂਹਾਂ ਨੇ ਕਿਹਾ ਕਿ ਕੁੱਝ ਸ਼ਹਿਰਾਂ ਵਿਚ ਹਾਲ ਹੀ ਵਿਚ ਹੋਏ ਪ੍ਰਵਾਸੀ ਵਿਰੋਧੀ ਦੰਗਿਆਂ ਤੋਂ ਬਾਅਦ ਨੌਕਰੀਆਂ ਦੀਆਂ ਸੀਮਤ ਸੰਭਾਵਨਾਵਾਂ ਅਤੇ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਗਿਰਾਵਟ ਦੀ ਉਮੀਦ ਕੀਤੀ ਜਾ ਸਕਦੀ ਹੈ।
ਸਰਕਾਰ ਦੇ ਸਿੱਖਿਆ ਵਿਭਾਗ ਦੀ ਗੈਰ-ਵਿਭਾਗੀ ਜਨਤਕ ਸੰਸਥਾ ‘ਆਫਿਸ ਫਾਰ ਸਟੂਡੈਂਟਸ’ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੁੱਝ ਪ੍ਰਮੁੱਖ ਦੇਸ਼ਾਂ ਵਿਚ ਸੰਭਾਵਤ ਗੈਰ-ਬ੍ਰਿਟਿਸ਼ ਵਿਦਿਆਰਥੀਆਂ ਦੀਆਂ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿਚ ਮਹੱਤਵਪੂਰਣ ਗਿਰਾਵਟ ਆਈ ਹੈ।
ਇਸ ’ਚ ਕਿਹਾ ਗਿਆ ਹੈ, ‘‘ਇਹ ਅੰਕੜਾ ਕੌਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਕੀਤੀਆਂ ਗਈਆਂ ਸਪਾਂਸਰ ਪ੍ਰਵਾਨਗੀਆਂ ਦੀ ਕੁਲ ਗਿਣਤੀ ’ਚ 11.8 ਫ਼ੀ ਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ, ਜਿਸ ’ਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਲਈ ਕਾਫ਼ੀ ਫ਼ਰਕ ਹੈ। ਸੱਭ ਤੋਂ ਵੱਡੀ ਗਿਰਾਵਟ ਭਾਰਤੀ ਅਤੇ ਨਾਈਜੀਰੀਆ ਦੇ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸੀ.ਏ.ਐਸ. ਦੀ ਗਿਣਤੀ ’ਚ ਦਰਜ ਕੀਤੀ ਗਈ ਹੈ ਜੋ ਕ੍ਰਮਵਾਰ 28,585 (20.4 ਫ਼ੀ ਸਦੀ) ਅਤੇ 25,897 (44.6 ਫ਼ੀ ਸਦੀ) ਹੈ।’’
ਇਸ ਵਿਚ ਚੇਤਾਵਨੀ ਦਿਤੀ ਗਈ ਹੈ ਕਿ ਇਸ ਗਿਰਾਵਟ ਦਾ ਵਿੱਤੀ ਮਾਡਲ ਵਾਲੀਆਂ ਯੂਨੀਵਰਸਿਟੀਆਂ ’ਤੇ ਮਹੱਤਵਪੂਰਨ ਅਸਰ ਪੈ ਸਕਦਾ ਹੈ, ਜੋ ਭਾਰਤ, ਨਾਈਜੀਰੀਆ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਵਿਦਿਆਰਥੀਆਂ ’ਤੇ ਬਹੁਤ ਜ਼ਿਆਦਾ ਨਿਰਭਰ ਹਨ। ਉਨ੍ਹਾਂ ਚੇਤਾਵਨੀ ਦਿਤੀ ਕਿ ਕੁੱਝ ਦੇਸ਼ਾਂ ਤੋਂ ਬਰਤਾਨੀਆਂ ’ਚ ਪੜ੍ਹਨ ਲਈ ਭੇਜੇ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ’ਚ ਕਾਫੀ ਗਿਰਾਵਟ ਆਈ ਹੈ।
ਇੰਡੀਅਨ ਨੈਸ਼ਨਲ ਸਟੂਡੈਂਟਸ ਐਸੋਸੀਏਸ਼ਨ (ਆਈ.ਐਨ.ਐਸ.ਏ.) ਯੂ.ਕੇ. ਨੇ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਰਭਰ ਸਾਥੀਆਂ ਅਤੇ ਜੀਵਨ ਸਾਥੀਆਂ ਨੂੰ ਨਾਲ ਲਿਆਉਣ ਦੀ ਇਜਾਜ਼ਤ ਦੇਣ ’ਤੇ ਸਰਕਾਰ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਭਾਰਤ ਤੋਂ ਵਿਦਿਆਰਥੀਆਂ ਦੀ ‘ਮਹੱਤਵਪੂਰਣ’ ਕਮੀ ਤੋਂ ਹੈਰਾਨ ਨਹੀਂ ਹੈ।