
ਨੇਪਾਲ ਦੇ ਬਾਜ਼ਾਰ 'ਚ ਵਿਰੋਧੀ ਨੇ ਚਾਕੂ ਮਾਰ ਕੇ ਕੀਤਾ ਕਤਲ
ਕਾਠਮਾਂਡੂ : 'ਫੈਟੀ ਗੋਜ਼ ਟੂ ਅਫਰੀਕਾ' ਨਾਮ ਨਾਲ ਮਸ਼ਹੂਰ ਚੀਨੀ ਸਟ੍ਰੀਟ ਫੂਡ ਬਲੌਗਰ ਗਾਨ ਸੂਜਿਓਂਗ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨੇਪਾਲ ਵਿੱਚ 37 ਸਾਲਾ ਵਿਰੋਧੀ ਪ੍ਰਭਾਵਕ ਫੇਂਗ ਜ਼ੇਂਗਯੁੰਗ ਦੁਆਰਾ ਕਥਿਤ ਤੌਰ 'ਤੇ ਲਾਈਵਸਟ੍ਰੀਮਿੰਗ ਕਰਦੇ ਸਮੇਂ ਮਸ਼ਹੂਰ ਫ਼ੂਡ ਬਲੌਗਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਪੂਰੀ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਘਟਨਾ ਦੀ ਵੀਡੀਓ ਵਿਚ ਉਹ ਆਪਣੇ ਦੋ ਸਾਥੀਆਂ ਨਾਲ ਬਾਜ਼ਾਰ ਵਿਚੋਂ ਲੰਘ ਰਿਹਾ ਸੀ ਅਤੇ ਹੱਸਦਾ ਦਿਖਾਈ ਦੇ ਰਿਹਾ ਹੈ ਅਤੇ ਇਸ ਦੌਰਾਨ ਹੀ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ ਗਿਆ। 29 ਸਾਲਾ ਨੌਜਵਾਨ ਗਨ ਸੂਜਿਓਂਗ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।
37 ਸਾਲਾ ਚੀਨੀ ਨਾਗਰਿਕ ਫੇਂਗ ਨੂੰ 4 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਗਾਨ 'ਤੇ ਜਾਨਲੇਵਾ ਹਮਲਾ ਕਰਨ ਅਤੇ 32 ਸਾਲਾ ਲੀ ਚੁਜ਼ਾਨ ਨੂੰ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਡੇਲੀਮੇਲ ਦੀ ਖਬਰ ਮੁਤਾਬਕ ਫੇਂਗ ਅਤੇ ਫ਼ੂਡ ਬਲੌਗਰ ਗਾਨ ਸੂਜਿਓਂਗ ਵਿਚਾਲੇ ਕੋਈ ਵਿਵਾਦ ਚਲ ਰਿਹਾ ਸੀ ਜਿਸ ਦੇ ਚਲਦੇ ਉਸ ਨੇ ਇਹ ਜਾਨਲੇਵਾ ਹਮਲਾ ਕੀਤਾ। ਜਾਣਕਾਰੀ ਅਨੁਸਾਰ ਗਾਨ ਦੇ ਚੀਨ ਵਿੱਚ ਲਗਭਗ ਪੰਜ ਮਿਲੀਅਨ ਪ੍ਰਸ਼ੰਸਕ ਸਨ ਅਤੇ ਉਸ ਨੇ ਅਫਰੀਕਾ ਵਿੱਚ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਸਾਂਝਾ ਕਰ ਕੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ।