ਅਤਿਵਾਦੀਆਂ ਦੇ ਕਬਜ਼ੇ ਵਿਚੋਂ 16,480 ਗ੍ਰਾਮ ਵਿਸਫੋਟਕ, ਦੋ ਹੈਂਡ ਗ੍ਰਨੇਡ, 36 ਡੈਟੋਨੇਟਰ, 58 ਫੁੱਟ ਸੇਫਟੀ ਫਿਊਜ਼ ਵਾਇਰ
ਲਾਹੌਰ: ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ 30 ਦਿਨਾਂ ਦੌਰਾਨ ਕੀਤੀਆਂ ਵੱਖ-ਵੱਖ ਅਭਿਆਨਾਂ ਦੌਰਾਨ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 49 ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੰਜਾਬ ਪੁਲਿਸ ਦੇ ਅਤਿਵਾਦ ਰੋਕੂ ਵਿਭਾਗ (ਸੀ.ਟੀ.ਡੀ.) ਨੇ ਕਿਹਾ ਕਿ ਉਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁਲ 425 ਖੁਫੀਆ ਮੁਹਿੰਮਾਂ ਚਲਾਈਆਂ ਜਿਸ ਦੌਰਾਨ 427 ਸ਼ੱਕੀ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਅਤੇ 49 ਅਤਿਵਾਦੀਆਂ ਨੂੰ ਹਥਿਆਰਾਂ, ਵਿਸਫੋਟਕਾਂ ਅਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ।
ਅਤਿਵਾਦੀਆਂ ਨੇ ਵੱਖ-ਵੱਖ ਸ਼ਹਿਰਾਂ ਦੀਆਂ ਮਹੱਤਵਪੂਰਨ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਗ੍ਰਿਫਤਾਰ ਕੀਤੇ ਗਏ ਅਤਿਵਾਦੀਆਂ ਵਿਰੁਧ 44 ਮਾਮਲੇ ਦਰਜ ਕੀਤੇ ਗਏ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸੀ.ਟੀ.ਡੀ. ਨੇ ਅਤਿਵਾਦੀਆਂ ਦੇ ਕਬਜ਼ੇ ਵਿਚੋਂ 16,480 ਗ੍ਰਾਮ ਵਿਸਫੋਟਕ, ਦੋ ਹੈਂਡ ਗ੍ਰਨੇਡ, 36 ਡੈਟੋਨੇਟਰ, 58 ਫੁੱਟ ਸੇਫਟੀ ਫਿਊਜ਼ ਵਾਇਰ, ਛੇ ਈਦ ਬੰਬ ਅਤੇ ਪਾਬੰਦੀਸ਼ੁਦਾ ਸਾਹਿਤ ਬਰਾਮਦ ਕੀਤਾ ਹੈ। ਸੀ.ਟੀ.ਡੀ. ਨੇ ਦੋਸ਼ ਲਾਇਆ ਕਿ ਗ੍ਰਿਫਤਾਰ ਕੀਤੇ ਗਏ ਅਤਿਵਾਦੀਆਂ ਵਿਚੋਂ ਇਕ ਭਾਰਤੀ ਖੁਫੀਆ ਏਜੰਸੀ ਲਈ ਕੰਮ ਕਰਨ ਵਾਲਾ ਸ਼ੱਕੀ ਹੈ।
