
ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲੇ ਵਿੱਚ ਵਰਤਿਆ ਚਾਕੂ ਬਰਾਮਦ ਨਹੀਂ ਕੀਤਾ ਹੈ।
ਜਰਮਨੀ : ਜਰਮਨੀ ਨੂੰ ਹਿਲਾ ਕੇ ਰੱਖ ਦੇਣ ਵਾਲੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਾਬਾਲਿਗ ਵਿਦਿਆਰਥਣਾਂ ਨੇ ਆਪਣੀ ਹੀ 12 ਸਾਲਾ ਸਹਿਪਾਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਦੋਵਾਂ ਨਾਬਾਲਿਗ ਵਿਦਿਆਰਥਣਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਹ ਲੜਕੀ ਨੂੰ ਜੰਗਲ ਵਿਚ ਲੈ ਗਈਆਂ ਜਿੱਥੇ ਉਨ੍ਹਾਂ ਨੇ ਮ੍ਰਿਤਕਾਂ ਨੂੰ 30 ਵਾਰ ਚਾਕੂ ਮਾਰਿਆ ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਪੂਰੀ ਘਟਨਾ ਉੱਤਰੀ ਰਾਈਨ-ਵੈਸਟਫਾਲੀਆ ਦੇ ਪੱਛਮੀ ਸੂਬੇ ਦੇ ਫਰੂਡੇਨਬਰਗ ਸ਼ਹਿਰ ਦੀ ਹੈ। ਜਿੱਥੇ ਲੁਈਸ ਨਾਂ ਦੀ ਲੜਕੀ ਆਪਣੇ ਦੋਸਤ ਨੂੰ ਮਿਲਣ ਗਈ ਸੀ ਪਰ ਉਹ ਉਥੋਂ ਲਾਪਤਾ ਹੋ ਗਈ।
ਜਦੋਂ ਲੜਕੀ ਘਰ ਨਾ ਪਰਤੀ ਤਾਂ ਮਾਪਿਆਂ ਨੇ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੂੰ ਤਲਾਸ਼ ਤੋਂ ਬਾਅਦ ਲੁਈਸ ਦੀ ਲਾਸ਼ ਘਰ ਤੋਂ ਦੂਰ ਜੰਗਲ ਵਿਚ ਮਿਲੀ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਲਾਸ਼ ਦੀ ਪਛਾਣ ਕੀਤੀ।
ਕੋਬਲੇਨਜ਼ ਦੇ ਵਕੀਲ ਮਾਰੀਓ ਮਾਨਵੀਲਰ ਨੇ ਇੱਕ ਪ੍ਰੈਸ ਕਾਨਫਰੰਸ ’ਚ ਦੱਸਿਆ, "ਬੱਚੀ ਦੀ ਮੌਤ ਚਾਕੂ ਦੇ ਕਈ ਜ਼ਖਮਾਂ ਅਤੇ ਨਤੀਜੇ ਵਜੋਂ ਖੂਨ ਜ਼ਿਆਦਾ ਵਹਿਣ ਕਾਰਨ ਹੋਈ ਹੈ।
ਕੋਬਲੇਨਜ਼ ਪੁਲਿਸ ਦੇ ਕਤਲ ਦੇ ਮੁਖੀ ਫਲੋਰੀਅਨ ਲਾਕਰ ਨੇ ਦੋਵਾਂ ਦੋਸ਼ੀਆਂ ਦੀ ਉਮਰ ਦੇ ਕਾਰਨ ਘਟਨਾ ਬਾਰੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੋਸ਼ੀ ਵਿਦਿਆਰਥਣਾਂ ਜਰਮਨੀ ਵਿੱਚ ਅਪਰਾਧਿਕ ਤੌਰ 'ਤੇ ਜ਼ਿੰਮੇਵਾਰ ਹੋਣ ਲਈ ਬਹੁਤ ਛੋਟੀਆਂ ਸਨ, ਜਿੱਥੇ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ 14 ਸਾਲ ਤੋਂ ਸ਼ੁਰੂ ਹੁੰਦੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਹਮਲੇ ਵਿੱਚ ਵਰਤਿਆ ਚਾਕੂ ਬਰਾਮਦ ਨਹੀਂ ਕੀਤਾ ਹੈ।