
ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਗੁਪਤਾ ਦੀ ਹਵਾਲਗੀ ਵਿਰੁਧ ਅਪੀਲ ਖਾਰਜ ਕਰ ਦਿਤੀ ਸੀ।
Gurpatwant Singh Pannu News: ਅਮਰੀਕਾ 'ਚ ਇਕ ਗਰਮਖਿਆਲੀ ਦੀ ਹਤਿਆ ਦੀ ਸਾਜਿਸ਼ 'ਚ ਕਥਿਤ ਤੌਰ ਉਤੇ ਸ਼ਾਮਲ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿਤਾ ਗਿਆ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿਤੀ ਗਈ ਹੈ।
ਗੁਪਤਾ (52) ਨੂੰ ਅਮਰੀਕੀ ਨਾਗਰਿਕ ਅਤੇ ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂੰ ਦੀ ਹਤਿਆ ਦੀ ਸਾਜਿਸ਼ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਇਲਜ਼ਾਮ 'ਚ ਅਮਰੀਕੀ ਸਰਕਾਰ ਦੀ ਬੇਨਤੀ 'ਤੇ ਪਿਛਲੇ ਸਾਲ ਚੈੱਕ ਗਣਰਾਜ 'ਚ ਗ੍ਰਿਫਤਾਰ ਕੀਤਾ ਗਿਆ ਸੀ। ਚੈੱਕ ਸੰਵਿਧਾਨਕ ਅਦਾਲਤ ਨੇ ਪਿਛਲੇ ਮਹੀਨੇ ਗੁਪਤਾ ਦੀ ਹਵਾਲਗੀ ਵਿਰੁਧ ਅਪੀਲ ਖਾਰਜ ਕਰ ਦਿਤੀ ਸੀ।
ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਦਾ ਦੋਸ਼ ਹੈ ਕਿ ਗੁਪਤਾ ਨੇ ਭਾਰਤ ਸਰਕਾਰ ਦੇ ਇਕ ਅਣਪਛਾਤੇ ਅਧਿਕਾਰੀ ਦੇ ਨਿਰਦੇਸ਼ਾਂ 'ਤੇ ਕੰਮ ਕੀਤਾ। ਭਾਰਤ ਨੇ ਇਸ ਮਾਮਲੇ ਵਿਚ ਅਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿਤੇ ਹਨ। ਗੁਪਤਾ ਨੂੰ ਇਸ ਸਮੇਂ ਬਰੁਕਲਿਨ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ। ਉਸ ਦੇ ਨਿਊਯਾਰਕ ਦੀ ਸੰਘੀ ਅਦਾਲਤ ਵਿਚ ਪੇਸ਼ ਹੋਣ ਦੀ ਉਮੀਦ ਹੈ। ਵਾਸ਼ਿੰਗਟਨ ਪੋਸਟ ਨੇ ਸਭ ਤੋਂ ਪਹਿਲਾਂ ਗੁਪਤਾ ਦੀ ਹਵਾਲਗੀ ਦੀ ਖਬਰ ਦਿਤੀ ਸੀ।
ਚੈੱਕ ਗਣਰਾਜ 'ਚ ਹਿਰਾਸਤ 'ਚ ਲਏ ਗਏ ਗੁਪਤਾ ਹਫਤੇ ਦੇ ਅੰਤ 'ਚ ਨਿਊਯਾਰਕ ਪਹੁੰਚੇ ਸਨ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਨਾਮ ਗੁਪਤ ਰੱਖਣ ਦੀ ਬੇਨਤੀ 'ਤੇ ਇਹ ਜਾਣਕਾਰੀ ਦਿਤੀ ਹੈ। ਆਮ ਤੌਰ 'ਤੇ ਡਿਪੋਰਟ ਕੀਤੇ ਗਏ ਵਿਅਕਤੀ ਨੂੰ ਦੇਸ਼ ਪਹੁੰਚਣ ਦੇ ਇਕ ਦਿਨ ਦੇ ਅੰਦਰ ਅਦਾਲਤ ਵਿਚ ਪੇਸ਼ ਕੀਤਾ ਜਾਂਦਾ ਹੈ।
ਫੈਡਰਲ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਗੁਪਤਾ ਨੇ ਪੰਨੂੰ ਨੂੰ ਮਾਰਨ ਲਈ ਇਕ ਵਿਅਕਤੀ ਨੂੰ ਸੁਪਾਰੀ ਦਿਤੀ ਸੀ ਅਤੇ ਉਸ ਨੂੰ 15,000 ਡਾਲਰ ਐਡਵਾਂਸ ਵਜੋਂ ਦਿਤੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਦਾ ਇਕ ਅਧਿਕਾਰੀ ਵੀ ਇਸ ਵਿਚ ਸ਼ਾਮਲ ਸੀ। ਅਧਿਕਾਰੀ ਦਾ ਨਾਮ ਨਹੀਂ ਦਸਿਆ ਗਿਆ ਸੀ। ਗੁਪਤਾ ਨੇ ਅਪਣੇ ਵਕੀਲ ਰਾਹੀਂ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ 'ਤੇ ਅਣਉਚਿਤ ਦੋਸ਼ ਲਗਾਏ ਗਏ ਹਨ।
ਵਾਸ਼ਿੰਗਟਨ ਪੋਸਟ ਦੀ ਖਬਰ ਮੁਤਾਬਕ ਗੁਪਤਾ ਦੀ ਵਕੀਲ ਰੋਹਿਨੀ ਮੂਸਾ ਨੇ ਭਾਰਤੀ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ 'ਤੇ ਗਲਤ ਤਰੀਕੇ ਨਾਲ ਮੁਕੱਦਮਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਕਾਰਡ 'ਤੇ ਅਜਿਹਾ ਕੁੱਝ ਵੀ ਨਹੀਂ ਹੈ ਜੋ ਪਟੀਸ਼ਨਕਰਤਾ ਨੂੰ ਕਥਿਤ ਪੀੜਤ ਦੇ ਕਤਲ ਦੀ ਕਥਿਤ ਵੱਡੀ ਸਾਜਿਸ਼ ਨਾਲ ਜੋੜਦਾ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਅਪਣੀ ਵਿਦੇਸ਼ ਨੀਤੀ ਲਈ ਇਕ-ਦੂਜੇ 'ਤੇ ਦੋਸ਼ ਲਗਾ ਰਹੇ ਹਨ।
ਗੁਪਤਾ ਦੀ ਹਵਾਲਗੀ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਸਾਲਾਨਾ ''ਕ੍ਰਿਟੀਕਲ ਐਂਡ ਐਮਰਜਿੰਗ ਟੈਕਨਾਲੋਜੀ'' (ICET) ਵਾਰਤਾਲਾਪ ਲਈ ਨਵੀਂ ਦਿੱਲੀ ਆਉਣ ਵਾਲੇ ਹਨ। ਸੁਲੀਵਾਨ ਅਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਨਾਲ ਇਸ ਵਾਰਤਾਲਾਪ ਵਿਚ ਹਿੱਸਾ ਲੈਣਗੇ। ਅਪ੍ਰੈਲ 2024 ਵਿਚ, ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤੀ ਕਿ ਪੰਨੂੰ ਨੂੰ ਮਾਰਨ ਦੀ ਸਾਜਿਸ਼ ਦੇ ਪਿੱਛੇ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਅਧਿਕਾਰੀ ਵਿਕਰਮ ਯਾਦਵ ਦਾ ਹੱਥ ਸੀ। ਅਖਬਾਰ ਨੇ ਇਹ ਵੀ ਦਾਅਵਾ ਕੀਤਾ ਕਿ ਰਾਅ ਦੇ ਮੁਖੀ ਸਾਮੰਤ ਗੋਇਲ ਨੇ ਮੁਹਿੰਮ ਨੂੰ ਮਨਜ਼ੂਰੀ ਦੇ ਦਿਤੀ ਸੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਰਿਪੋਰਟ ਨੂੰ ਰੱਦ ਕਰ ਦਿਤਾ ਅਤੇ ਪੰਨੂੰ ਨੂੰ ਮਾਰਨ ਦੀ ਸਾਜਿਸ਼ ਵਿਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦਾਅਵੇ ਤੋਂ ਇਨਕਾਰ ਕੀਤਾ। ਭਾਰਤ ਨੇ ਕਿਹਾ ਹੈ ਕਿ ਪੰਨੂੰ ਦੀ ਹਤਿਆ ਦੀ ਕਥਿਤ ਸਾਜਿਸ਼ ਬਾਰੇ ਅਮਰੀਕਾ ਵੱਲੋਂ ਸਾਂਝੇ ਕੀਤੇ ਗਏ ਸਬੂਤਾਂ 'ਤੇ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।
(For more Punjabi news apart from Gurpatwant Singh Pannun News: Indian National Nikhil Gupta Extradited To USA, stay tuned to Rozana Spokesman)