ਇਜ਼ਰਾਈਲ 'ਤੇ ਪੇਜਰ ਹੈਕ ਕਰਨ ਦੇ ਲੱਗੇ ਇਲਜ਼ਾਮ
ਲੇਬਨਾਨ: ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਜੁੜੇ ਮੈਂਬਰਾਂ ਦੇ ਪੇਜਰਾਂ (ਸੰਚਾਰ ਯੰਤਰਾਂ) ਵਿੱਚ ਲੜੀਵਾਰ ਧਮਾਕੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ 'ਚ 1 ਲੜਕੀ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। 2700 ਤੋਂ ਵੱਧ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 200 ਦੀ ਹਾਲਤ ਨਾਜ਼ੁਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੇਜਰਾਂ ਨੂੰ ਹੈਕ ਕਰਕੇ ਬਲਾਸਟ ਕੀਤਾ ਗਿਆ ਹੈ। ਇਸ ਹੈਕਿੰਗ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਜ਼ਰਾਈਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਅਰਬ ਮੀਡੀਆ ਰਿਪੋਰਟਾਂ ਮੁਤਾਬਕ ਹਿਜ਼ਬੁੱਲਾ ਨਾਲ ਜੁੜੇ ਇਕ ਹਜ਼ਾਰ ਤੋਂ ਵੱਧ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੀਰੀਆ ਵਿੱਚ ਮੌਜੂਦ ਹਿਜ਼ਬੁੱਲਾ ਮੁਖੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਲੇਬਨਾਨ ਦੀ ਵੈੱਬਸਾਈਟ ਨਾਹਰਨੇਟ ਮੁਤਾਬਕ ਪੇਜ਼ਰ ਧਮਾਕੇ 'ਚ ਈਰਾਨ ਦੇ ਰਾਜਦੂਤ ਮੋਜਤਬਾ ਅਮਾਨੀ ਜ਼ਖਮੀ ਹੋ ਗਏ ਹਨ, ਪਰ ਉਨ੍ਹਾਂ ਦੀਆਂ ਸੱਟਾਂ ਗੰਭੀਰ ਨਹੀਂ ਹਨ।
ਲੇਬਨਾਨ ਦੇ ਸਿਹਤ ਮੰਤਰੀ ਫਿਰਾਸ ਅਬਿਆਦ ਨੇ ਪੁਸ਼ਟੀ ਕੀਤੀ ਕਿ ਦੇਸ਼ ਭਰ ਦੀਆਂ ਘਟਨਾਵਾਂ ਵਿੱਚ ਸੈਂਕੜੇ ਲੋਕ ਜ਼ਖਮੀ ਹੋਏ ਹਨ। ਅਬਿਆਦ ਮੁਤਾਬਕ ਜ਼ਿਆਦਾਤਰ ਲੋਕਾਂ ਦੇ ਹੱਥਾਂ 'ਤੇ ਸੱਟਾਂ ਲੱਗੀਆਂ ਹਨ। ਸਿਹਤ ਮੰਤਰਾਲੇ ਨੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ। ਸਿਹਤ ਕਰਮਚਾਰੀਆਂ ਨੂੰ ਤੁਰੰਤ ਸਹਾਇਤਾ ਲਈ ਆਪਣੇ ਹਸਪਤਾਲਾਂ ਵਿੱਚ ਜਾਣ ਲਈ ਕਿਹਾ ਗਿਆ ਹੈ।