
ਖਿੱਲਨ ਨੇ ਦਿ ਆਸਟ੍ਰੇਲੀਆ ਟੂਡੇ ਨੂੰ ਦਸਿਆ ਕਿ ਇਹ ਇਕ ਸਨਮਾਨ ਅਤੇ ਵਿਸ਼ੇਸ਼ ਅਧਿਕਾਰ ਹੈ|
ਮੈਲਬੌਰਨ : ਵਿਕਟੋਰੀਆ ਰਾਜ ਦੇ ਭਾਰਤੀ ਮੂਲ ਦੇ ਬਾਲ ਰੋਗ ਵਿਗਿਆਨੀ ਅੰਗਰਾਜ ਖਿੱਲਨ ਨੂੰ ਕਈ ਆਸਟ੍ਰੇਲੀਅਨ ਭਾਈਚਾਰਿਆਂ ਨੂੰ ਮੁੱਖ ਸਿਹਤ ਸੰਭਾਲ ਅਤੇ ਸਿਹਤ ਸਿਖਿਆ ਪ੍ਰਦਾਨ ਕਰਨ ਲਈ 2023 ਦੇ ‘ਆਸਟ੍ਰੇਲੀਅਨ ਆਫ਼ ਦਿ ਯੀਅਰ’ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ| 56 ਸਾਲ ਦੇ ਖਿੱਲਨ, ਹੈਲਥ ਅਵੇਅਰਨੈਸ ਸੋਸਾਇਟੀ ਆਫ਼ ਆਸਟ੍ਰੇਲੀਆ ਦੇ ਸਹਿ-ਸੰਸਥਾਪਕ ਹਨ, ਜੋ ਕਈ ਭਾਸ਼ਾਵਾਂ ਵਿਚ ਫ਼ੋਰਮਾਂ ਰਾਹੀਂ ਸਿਹਤ ਬਾਰੇ ਮਿੱਥਾਂ, ਵਰਜਿਤ ਅਤੇ ਗ਼ਲਤ ਜਾਣਕਾਰੀ ਨੂੰ ਦੂਰ ਕਰਦਾ ਹੈ|
ਐਚ.ਏ.ਐੱਸ.ਏ. ਮਾਨਸਿਕ ਸਿਹਤ ਤੋਂ ਲੈ ਕੇ ਕੋਵਿਡ-19 ਟੀਕਿਆਂ ਤਕ ਦੇ ਵਿਸ਼ਿਆਂ ’ਤੇ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਅਤੇ ਅਰਬੀ ਵਿਚ ਫ਼ੋਰਮ ਅਤੇ ਵਰਚੁਅਲ ਸੈਸ਼ਨ ਪ੍ਰਦਾਨ ਕਰਦਾ ਹੈ| ਖਿੱਲਨ ਨੇ ਦਿ ਆਸਟ੍ਰੇਲੀਆ ਟੂਡੇ ਨੂੰ ਦਸਿਆ ਕਿ ਇਹ ਇਕ ਸਨਮਾਨ ਅਤੇ ਵਿਸ਼ੇਸ਼ ਅਧਿਕਾਰ ਹੈ| ਇਸ ਦੇ ਨਾਲ-ਨਾਲ ਇਹ ਮੇਰੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਵੀ ਲਿਆਉਂਦਾ ਹੈ ਕਿ ਮੈਂ ਆਸਟ੍ਰੇਲੀਅਨ ਬਹੁ-ਸਭਿਆਚਾਰਕ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਾਂ| (ਏਜੰਸੀ)
ਜ਼ਿਕਰਯੋਗ ਹੈ ਕਿ ਭਾਰਤ ਵਿਚ ਇਕ ਵਿਦਿਆਰਥੀ ਹੋਣ ਦੇ ਨਾਤੇ, ਉਸ ਨੇ ਅਪਣੀ ਡਾਕਟਰੀ ਸਿਖਿਆ ਲਈ ਫ਼ੀਸ ਦੇਣ ਲਈ ਇਕ ਮੰਦਰ ਬਾਹਰ ਪ੍ਰਸ਼ਾਦ ਵੀ ਵੇਚਿਆ| 2010 ਵਿਚ ਮੈਲਬੌਰਨ ਜਾਣ ਤੋਂ ਬਾਅਦ ਖਿੱਲਨ ਨੇ ਘਰੇਲੂ ਹਿੰਸਾ ਅਤੇ ਦਾਜ ਦੀ ਦੁਰਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕੀਤਾ| (ਏਜੰਸੀ)