ਰੂਸ ਵਲੋਂ ਰਿਹਾਇਸ਼ੀ ਇਮਾਰਤ 'ਤੇ ਕੀਤਾ ਗਿਆ ਸੀ ਰਾਕੇਟ ਹਮਲਾ
ਕੀਵ: ਰੂਸ ਵਲੋਂ ਯੂਕਰੇਨ 'ਤੇ ਕੀਤੇ ਜਾ ਰਹੇ ਹਮਲੇ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਕਈਆਂ ਦੀ ਮੌਤ ਹੋ ਚੁੱਕੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਹੁਣ ਕੀਵ ਵਿੱਚ ਇੱਕ ਰਿਹਾਇਸ਼ੀ ਇਮਾਰਤ ਉੱਤੇ ਰੂਸੀ ਰਾਕੇਟ ਹਮਲੇ ਵਿੱਚ ਯੂਕਰੇਨੀ ਅਦਾਕਾਰਾ ਓਕਸਾਨਾ ਸ਼ਵੇਤਸ ਦੀ ਮੌਤ ਹੋ ਗਈ ਹੈ।
ਓਕਸਾਨਾ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ, ਉਸ ਦੇ ਟਰੂਪ ਯੰਗ ਥੀਏਟਰ ਨੇ ਇੱਕ ਬਿਆਨ ਜਾਰੀ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ, "ਯੂਕਰੇਨ ਦੀ ਇੱਕ ਪ੍ਰਸਿੱਧ ਕਲਾਕਾਰ, ਓਕਸਾਨਾ ਸ਼ਵੇਤਸ ਦੀ ਕੀਵ ਵਿੱਚ ਇੱਕ ਰਿਹਾਇਸ਼ੀ ਇਮਾਰਤ 'ਤੇ ਰਾਕੇਟ ਹਮਲੇ ਦੌਰਾਨ ਮੌਤ ਹੋ ਗਈ।" ਦਿ ਹਾਲੀਵੁੱਡ ਰਿਪੋਰਟਰ ਮੁਤਾਬਕ ਓਕਸਾਨਾ ਦੀ ਉਮਰ 67 ਸਾਲ ਸੀ। ਉਸ ਨੂੰ ਯੂਕਰੇਨ ਦੇ ਸਭ ਤੋਂ ਉੱਚੇ ਕਲਾਤਮਕ ਸਨਮਾਨਾਂ ਵਿੱਚੋਂ ਇੱਕ ਨਾਲ ਸਨਮਾਨਿਤ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਓਕਸਾਨਾ ਸ਼ਵੇਤਸ ਦਾ ਜਨਮ 10 ਫਰਵਰੀ, 1955 ਨੂੰ ਹੋਇਆ ਸੀ ਅਤੇ ਇਵਾਨ ਫਰੈਂਕੋ ਥੀਏਟਰ ਅਤੇ ਕੀਵ ਸਟੇਟ ਇੰਸਟੀਚਿਊਟ ਆਫ਼ ਥੀਏਟਰ ਆਰਟਸ ਦੇ ਥੀਏਟਰ ਸਟੂਡੀਓ ਤੋਂ ਗ੍ਰੈਜੂਏਟ ਸਨ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕਰੇਨ ਦੇ ਖ਼ਿਲਾਫ਼ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਅੱਜ ਹਮਲੇ ਦਾ 23ਵਾਂ ਦਿਨ ਹੈ। ਉਦੋਂ ਤੋਂ ਯੂਕਰੇਨੀ ਫ਼ੌਜੀ ਲਗਾਤਾਰ ਰੂਸੀ ਫ਼ੌਜ ਦੇ ਹਮਲੇ ਦਾ ਮੁਕਾਬਲਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਰੂਸ ਨੇ ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ ਨੂੰ ਸੁਤੰਤਰ ਮਾਨਤਾ ਦਿੱਤੀ ਸੀ। ਰੂਸੀ ਬਲ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਰਿਹਾਇਸ਼ੀ ਖੇਤਰਾਂ ਵਿੱਚ ਰਾਕੇਟ ਅਤੇ ਗੋਲਾਬਾਰੀ ਵੀ ਕਰ ਰਹੇ ਹਨ ਪਰ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਵਿਸ਼ੇਸ਼ ਕਾਰਵਾਈ ਸਿਰਫ ਯੂਕਰੇਨੀ ਫ਼ੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਹੀ ਹੈ।