ਪੁਲਿਸ ਵਲੋਂ ਨਫ਼ਰਤੀ ਅਪਰਾਧ ਦਰਜ ਕਰ ਕੇ ਜਾਂਚ ਸ਼ੁਰੂ
ਲੀਡਸ: ਇੰਗਲੈਂਡ ਦੀ ਵੈਸਟ ਯੌਰਕਸ਼ਾਇਰ ਕਾਊਂਟੀ ਦੇ ਸ਼ਹਿਰ ਲੀਡਸ ’ਚ ਪੁਲਿਸ ਗੁਟਕਾ ਸਾਹਿਬ ਨੂੰ ਅੱਗ ਲਾ ਕੇ ਇਕ ਸਿੱਖ ਦੇ ਘਰ ਦੇ ਬਾਹਰ ਕੂੜੇਦਾਨ ’ਚ ਪਾਉਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਕ ਨਫ਼ਰਤੀ ਅਪਰਾਧ ਦੀ ਜਾਂਚ ਕਰ ਰਹੀ ਹੈ।
ਸਥਾਨਕ ਸਿੱਖਾਂ ਅਨੁਸਾਰ ਇਕ ਬਜ਼ੁਰਗ ਸਿੱਖ ਵਿਅਕਤੀ ਅਤੇ ਉਸ ਦੀ ਧੀ ਨੂੰ 12 ਜੁਲਾਈ ਨੂੰ ਅਪਣੇ ਘਰ ਬਾਹਰ ਸੜੇ ਅਤੇ ਫਟੇ ਹੋਏ ਗੁਟਕਾ ਸਾਹਿਬ ਦੇ ਪੰਨੇ ਮਿਲੇ।
ਪ੍ਰਵਾਰ ਸੜੇ ਹੋਏ ਗੁਟਕਾ ਸਾਹਿਬ ਨੂੰ ਸਥਾਨਕ ਗੁਰਦੁਆਰੇ ’ਚ ਲੈ ਕੇ ਆਇਆ ਅਤੇ ਕੁਝ ਹੋਰ ਸਿੱਖਾਂ ਨਾਲ ਮਿਲ ਕੇ ਵੈਸਟ ਯਾਰਕਸ਼ਾਇਰ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ।
ਵੈਸਟ ਯੌਰਕਸ਼ਾਇਰ ਪੁਲਿਸ ਨੇ ਕਿਹਾ, ‘‘ਸਥਾਨਕ ਸਿੱਖਾਂ ਦੇ ਇਕ ਪ੍ਰਤੀਨਿਧੀ ਨੇ ਦਸਿਆ ਕਿ ਬੁਧਵਾਰ, 12 ਜੁਲਾਈ ਨੂੰ ਸੇਂਟ ਐਨੀਜ਼ ਰੋਡ ’ਤੇ ਇਕ ਸਿੱਖ ਘਰ ਬਾਹਰ ਇਕ ਗੁਟਕਾ ਸਾਹਿਬ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।’’
‘‘ਮੰਨਿਆ ਜਾ ਰਿਹਾ ਹੈ ਕਿ ਗੁਟਕਾ ਸਾਹਿਬ ਦੇ ਟੁਕੜੇ ਪੀੜਤ ਦੇ ਕੂੜੇਦਾਨ ’ਚ ਪਏ ਸਨ ਜੋ ਮੰਗਲਵਾਰ, 11 ਜੁਲਾਈ ਨੂੰ ਕੂੜਾ ਇਕੱਠਾ ਕਰਨ ਵਾਲੀ ਗੱਡੀ ਨੂੰ ਚੁਕਾਉਣ ਲਈ ਬਾਹਰ ਰਖਿਆ ਗਿਆ ਸੀ। ਗੁਟਕਾ ਸਾਹਿਬ ਦੇ ਕੁਝ ਪੰਨੇ ਹਵਾ ਨਾਲ ਉਡ ਕੇ ਸੜਕ ’ਤੇ ਡਿੱਗ ਗਏ ਸਨ। ਇਸ ਨੂੰ ਕੂੜੇਦਾਨ ’ਚ ਕਿਸੇ ਅਣਪਛਾਤੇ ਵਿਅਕਤੀ ਨੇ ਪਾਇਆ। ਨਸਲੀ ਜਾਂ ਧਾਰਮਿਕ ਤੌਰ ’ਤੇ ਕੀਤੇ ਅਪਰਾਧਿਕ ਨੁਕਸਾਨ ਲਈ ਇਕ ਜੁਰਮ ਦਰਜ ਕੀਤਾ ਗਿਆ ਹੈ ਅਤੇ ਘਟਨਾ ਦੇ ਪੂਰੇ ਹਾਲਾਤ ਨੂੰ ਸਥਾਪਤ ਕਰਨ ਲਈ ਪੁੱਛਗਿੱਛ ਜਾਰੀ ਹੈ।’’