
ਅਧਿਕਾਰੀਆਂ ਅਤੇ ਸਥਾਨਕ ਵਸਨੀਕਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ
Sudan paramilitary fighters : ਸੂਡਾਨ ’ਚ ਨੀਮ ਫੌਜੀ ਸਮੂਹ ਦੇ ਲੜਾਕਿਆਂ ਨੇ ਇਕ ਪਿੰਡ ’ਚ ਲੁੱਟ-ਖੋਹ ਅਤੇ ਅੱਗ ਲਾਉਣ ਤੋਂ ਬਾਅਦ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 85 ਲੋਕਾਂ ਦਾ ਕਤਲ ਕਰ ਦਿਤਾ। ਅਧਿਕਾਰੀਆਂ ਅਤੇ ਸਥਾਨਕ ਵਸਨੀਕਾਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ ।
ਦੇਸ਼ ਦੇ 18 ਮਹੀਨਿਆਂ ਦੇ ਵਿਨਾਸ਼ਕਾਰੀ ਸੰਘਰਸ਼ ਵਿਚ ਖੂਨ-ਖਰਾਬੇ ਦੀ ਇਹ ਤਾਜ਼ਾ ਘਟਨਾ ਹੈ। ਸੂਡਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਨੀਮ ਫ਼ੌਜੀ ਰੈਪਿਡ ਸਪੋਰਟ ਫੋਰਸ (ਆਰ.ਐਸ.ਐਫ.) ਨੇ ਜੁਲਾਈ ਵਿਚ ਸੇਨਾਰ ਸੂਬੇ ਦੇ ਗਲਗਾਨੀ ਵਿਚ ਹਮਲੇ ਕੀਤੇ ਸਨ ਅਤੇ ਪਿਛਲੇ ਹਫਤੇ ਆਰ.ਐਸ.ਐਫ. ਦੇ ਲੜਾਕਿਆਂ ਨੇ ਪਿੰਡ ਦੇ ਨਿਹੱਥੇ ਵਸਨੀਕਾਂ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ।
ਬਿਆਨ ਮੁਤਾਬਕ ਪਿੰਡ ਵਾਸੀਆਂ ਨੇ ਔਰਤਾਂ ਅਤੇ ਲੜਕੀਆਂ ਦੇ ਅਗਵਾ ਅਤੇ ਜਿਨਸੀ ਸੋਸ਼ਣ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਹਮਲੇ ਵਿਚ 150 ਤੋਂ ਵੱਧ ਪਿੰਡ ਵਾਸੀ ਜ਼ਖਮੀ ਹੋਏ ਹਨ।
ਇਕ ਸਿਹਤ ਸੰਭਾਲ ਕਰਮਚਾਰੀ ਨੇ ਦਸਿਆ ਕਿ ਸ਼ੁਕਰਵਾਰ ਤਕ ਮੈਡੀਕਲ ਸੈਂਟਰ ਨੂੰ ਘੱਟੋ-ਘੱਟ 80 ਲਾਸ਼ਾਂ ਮਿਲੀਆਂ, ਜਿਨ੍ਹਾਂ ਵਿਚ 24 ਔਰਤਾਂ ਅਤੇ ਨਾਬਾਲਗ ਸ਼ਾਮਲ ਸਨ। ਪਿੰਡ ਵਾਸੀ ਮੁਹੰਮਦ ਤਾਜਲ ਅਮੀਨ ਨੇ ਦਸਿਆ ਕਿ ਉਸ ਨੇ ਸ਼ੁਕਰਵਾਰ ਨੂੰ ਸੜਕ ਦੇ ਵਿਚਕਾਰ 6 ਮਰਦਾਂ ਅਤੇ ਇਕ ਔਰਤ ਦੀਆਂ ਲਾਸ਼ਾਂ ਪਈਆਂ ਦੇਖੀਆਂ।