
'ਪਲੀ ਐਗਰੀਮੈਂਟ' ਵਿੱਚ ਅਬਦੁੱਲਾਹੀ ਨੇ ਮੰਨਿਆ ਕਿ ਉਸ ਨੇ ਸੈਨ ਡਿਏਗੋ ਨਿਵਾਸੀ ਡਗਲਸ ਮੈਕਅਥਰ ਮੈਕੇਨ ਦੀ ਆਈ.ਐਸ. ਵਿੱਚ ਸ਼ਾਮਲ ਹੋਣ 'ਚ ਮਦਦ ਕੀਤੀ ਸੀ।
ਸੈਨ ਡਿਏਗੋ - ਅਮਰੀਕਾ ਦੇ ਦੱਖਣੀ ਕੈਲੀਫ਼ੋਰਨੀਆ ਵਿੱਚ ਰਹਿਣ ਵਾਲੇ ਇੱਕ ਕੈਨੇਡੀਅਨ ਨਾਗਰਿਕ ਨੂੰ 2013 ਅਤੇ 2014 ਵਿੱਚ ਸੀਰੀਆ 'ਚ ਇਸਲਾਮਿਕ ਸਟੇਟ ਸਮੂਹ ਵਿੱਚ ਸ਼ਾਮਲ ਹੋਣ ਵਿੱਚ ਕਈ ਕੈਨੇਡੀਅਨਾਂ ਅਤੇ ਅਮਰੀਕੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। .
ਅਮਰੀਕੀ ਅਟਾਰਨੀ ਰੈਂਡੀ ਗ੍ਰਾਸਮੈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਬਦੁੱਲਾਹੀ ਅਹਿਮਦ ਅਬਦੁੱਲਾਹੀ ਨੇ ਸੀਰੀਆ ਵਿੱਚ 'ਅੱਤਵਾਦ ਦੀਆਂ ਹਿੰਸਕ ਕਾਰਵਾਈਆਂ' ਲਈ ਸਿੱਧੇ ਤੌਰ 'ਤੇ ਫ਼ੰਡ ਮੁਹੱਈਆ ਕਰਵਾਏ, ਜਿਸ ਵਿੱਚ ਲੋਕਾਂ ਨੂੰ ਅਗਵਾ ਕਰਨਾ ਅਤੇ ਉਨ੍ਹਾਂ ਦਾ ਕਤਲ ਵੀ ਸ਼ਾਮਲ ਹੈ।
'ਪਲੀ ਐਗਰੀਮੈਂਟ' ਵਿੱਚ ਅਬਦੁੱਲਾਹੀ ਨੇ ਮੰਨਿਆ ਕਿ ਉਸ ਨੇ ਸੈਨ ਡਿਏਗੋ ਨਿਵਾਸੀ ਡਗਲਸ ਮੈਕਅਥਰ ਮੈਕੇਨ ਦੀ ਆਈ.ਐਸ. ਵਿੱਚ ਸ਼ਾਮਲ ਹੋਣ 'ਚ ਮਦਦ ਕੀਤੀ ਸੀ। ਮੈਕੇਨ 2014 ਵਿੱਚ ਸੀਰੀਆ ਵਿੱਚ ਸੀਰੀਆਈ ਵਿਰੋਧੀ ਬਲਾਂ ਵਿਰੁੱਧ ਆਈ.ਐਸ. ਲੜਾਕਿਆਂ ਦੇ ਨਾਲ ਲੜਦੇ ਹੋਏ ਮਾਰਿਆ ਗਿਆ ਸੀ। 'ਪਲੀ ਐਗਰੀਮੈਂਟ' ਇਸਤਗਾਸਾ ਅਤੇ ਬਚਾਅ ਪੱਖ ਵਿਚਕਾਰ ਇੱਕ ਸਮਝੌਤਾ ਹੁੰਦਾ ਹੈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਅਬਦੁੱਲਾਹੀ ਨੇ ਮਿਨੀਆਪੋਲਿਸ ਦੇ ਆਪਣੇ ਇੱਕ 18 ਸਾਲਾ ਰਿਸ਼ਤੇਦਾਰ ਅਤੇ ਕੈਨੇਡਾ ਦੇ ਐਡਮਿੰਟਨ ਤੋਂ ਆਪਣੇ ਤਿੰਨ ਰਿਸ਼ਤੇਦਾਰਾਂ ਨੂੰ ਸੀਰੀਆ ਵਿੱਚ ਆਈ.ਐਸ. 'ਚ ਸ਼ਾਮਲ ਹੋਣ ਲਈ ਪੈਸੇ ਦਿੱਤੇ ਸਨ।
ਅਮਰੀਕੀ ਸਰਕਾਰ ਮੁਤਾਬਿਕ ਇਹ ਸਾਰੇ ਲੋਕ ਮਾਰੇ ਗਏ ਹਨ। ਅਬਦੁੱਲਾਹੀ ਨੂੰ ਕੈਨੇਡੀਅਨ ਅਧਿਕਾਰੀਆਂ ਨੇ 2017 ਵਿੱਚ ਹਿਰਾਸਤ ਵਿੱਚ ਲਿਆ ਸੀ, ਅਤੇ ਦੋ ਸਾਲ ਬਾਅਦ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਉਸਨੇ 2021 ਵਿੱਚ ਅੱਤਵਾਦੀਆਂ ਦੀ ਮਦਦ ਕਰਨ ਦੀ ਗੱਲ ਸਵੀਕਾਰ ਕੀਤੀ ਸੀ। ਉਸ ਨੇ ਜਨਵਰੀ 2014 'ਚ 'ਐਡਮਿੰਟਨ ਜਿਊਲਰੀ ਸਟੋਰ' ਨੂੰ ਲੁੱਟਣ ਦੀ ਗੱਲ ਵੀ ਕਬੂਲੀ ਸੀ। ਉਸ ਨੇ ਇਹ ਲੁੱਟ ਆਈ.ਐਸ. ਨੂੰ ਪੈਸਾ ਮੁਹੱਈਆ ਕਰਵਾਉਣ ਲਈ ਕੀਤੀ ਸੀ। ਡਕੈਤੀ ਨੂੰ ਅੰਜਾਮ ਦੇਣ ਤੋਂ ਕੁਝ ਹਫ਼ਤਿਆਂ ਬਾਅਦ, ਅਬਦੁੱਲਾਹੀ ਨੇ ਸੀਰੀਆ ਵਿੱਚ ਮੈਕੇਨ ਨੂੰ ਪੈਸੇ ਵੀ ਭੇਜੇ।