
ਸਕੂਲੀ ਬੱਚਿਆਂ ਦੀ ਲੜਾਈ ’ਚ ਦਖ਼ਲ ਦਿਤਾ ਤਾਂ ਉਹ ਡਿਊਟੀ ’ਤੇ ਨਹੀਂ ਸੀ
ਲੰਡਨ: ਬਰਤਾਨਵੀ ਸ਼ਹਿਰ ਬਰਮਿੰਘਮ ’ਚ ਪਿਛਲੇ ਸਾਲ ਇਕ ਸਕੂਲ ਦੇ ਬਾਹਰ ਹੋਈ ਮੁੰਡਿਆਂ ਦੀ ਹੋ ਰਹੀ ਲੜਾਈ ’ਚ ਇਕ 12 ਸਾਲਾਂ ਦੇ ਮੁੰਡੇ ਨੂੰ ਥੱਪੜ ਮਾਰਨ ਦੇ ਦੋਸ਼ ’ਚ ਭਾਰਤੀ ਮੂਲ ਦੀ 41 ਸਾਲਾਂ ਦੀ ਸਾਬਕਾ ਪੁਲਿਸ ਮੁਲਾਜ਼ਮ ਨੂੰ ਸਜ਼ਾ ਸੁਣਾਈ ਗਈ ਹੈ। ‘ਬਰਮਿੰਘਮ ਮੇਲ’ ਅਖਬਾਰ ਦੀ ਰੀਪੋਰਟ ਅਨੁਸਾਰ ਵੈਸਟ ਮਿਡਲੈਂਡਜ਼ ਪੁਲਿਸ ਦੀ ਕਾਂਸਟੇਬਲ ਸ਼ਰਨਜੀਤ ਕੌਰ ਨੇ ਪਿਛਲੇ ਮਹੀਨੇ ਅਸਤੀਫਾ ਦੇ ਦਿਤਾ ਸੀ ਅਤੇ ਇੰਡੀਪੈਂਡੈਂਟ ਆਫ਼ਿਸ ਫ਼ਾਰ ਪੁਲਿਸ ਕੰਡਕਟ (ਆਈ.ਓ਼.ਪੀ.ਸੀ.) ਵਲੋਂ ਜਾਂਚ ਤੋਂ ਬਾਅਦ ਦੋਸ਼ ਆਇਦ ਕੀਤੇ ਸਨ।
ਬਰਮਿੰਘਮ ਮੈਜਿਸਟ੍ਰੇਟ ਕੋਰਟ ਨੇ ਪਾਇਆ ਕਿ ਜਦੋਂ ਸ਼ਰਨਜੀਤ ਕੌਰ ਨੇ ਬਰਮਿੰਘਮ ਦੀ ਇਕ ਸੜਕ ’ਤੇ ਸਕੂਲੀ ਬੱਚਿਆਂ ਦੀ ਲੜਾਈ ’ਚ ਦਖ਼ਲ ਦਿਤਾ ਤਾਂ ਉਹ ਡਿਊਟੀ ’ਤੇ ਨਹੀਂ ਸੀ। ਪਿਛਲੇ ਸਾਲ 13 ਅਕਤੂਬਰ ਨੂੰ ਵਾਪਰੀ ਘਟਨਾ ਦੀ ਮੋਬਾਈਲ ਫੁਟੇਜ ਸੋਸ਼ਲ ਮੀਡੀਆ ’ਤੇ ਫੈਲ ਗਈ ਸੀ, ਜਿਸ ਤੋਂ ਬਾਅਦ ਵੈਸਟ ਮਿਡਲੈਂਡਜ਼ ਪੁਲਿਸ ਨੇ ਆਈ.ਓ.ਪੀ.ਸੀ. ਨੂੰ ਜਾਂਚ ਕਰਨ ਲਈ ਕਿਹਾ ਸੀ।
ਨਿਸ਼ਕਾਮ ਹਾਈ ਸਕੂਲ ਬਾਹਰ ਰੀਕਾਰਡ ਕੀਤੀ ਕਲਿੱਪ ’ਚ ਉਹ ਸਕੂਲੀ ਬੱਚਿਆਂ ’ਚੋਂ ਇਕ ’ਤੇ ਚੀਕਦੀ ਨਜ਼ਰ ਆ ਰਹੀ ਹੈ, ਅਤੇ ਫਿਰ ਉਸ ਨੂੰ ’ਤੇ ਥੱਪੜ ਮਾਰਦੀ ਹੈ। ਥੱਪੜ ਖਾਣ ਵਾਲੇ ਮੁੰਡੇ ਦੇ ਪਰਿਵਾਰ ਵਾਲਿਆਂ ਵਲੋਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਆਈ.ਓ.ਪੀ.ਸੀ. ਦੀ ਜਾਂਚ ਅਨੁਸਾਰ ਥੱਪੜ ਕਾਰਨ ਮਾਰਨ ਮੁੰਡੇ ਦੀ ਦੀ ਗੱਲ੍ਹ ’ਤੇ ਕੱਟ ਦਾ ਨਿਸ਼ਾਨ ਲੱਗ ਗਿਆ ਸੀ ਕਿਉਂਕਿ ਸ਼ਰਨਜੀਤ ਕੌਰ ਨੇ ਜਦੋਂ ਥੱਪੜ ਮਾਰਿਆ ਤਾਂ ਉਸ ਦੇ ਹੱਥ ’ਚ ਕਾਰ ਦੀ ਚਾਬੀ ਸੀ। ਜਦੋਂ ਇਕ ਚਸ਼ਮਦੀਦ ਨੇ ਉਸ ਦੀ ਪਛਾਣ ਪੁੱਛੀ ਤਾਂ ਉਸ ਨੇ ਖ਼ੁਦ ਨੂੰ ਪੁਲਿਸ ਅਧਿਕਾਰੀ ਦਸਿਆ ਸੀ।
ਅਦਾਲਤ ਨੇ ਸ਼ਰਨਜੀਤ ਕੌਰ ਨੂੰ ਮੁੰਡੇ ’ਤੇ ਹਮਲੇ ਲਈ 12 ਮਹੀਨਿਆਂ ਦਾ ‘ਕਮਿਊਨਿਟੀ ਆਰਡਰ’ ਦਿਤਾ ਹੈ। ਆਈ.ਓ.ਪੀ.ਸੀ. ਦੇ ਖੇਤਰੀ ਨਿਰਦੇਸ਼ਕ ਡੇਰਿਕ ਕੈਂਪਬੈਲ ਨੇ ਕਿਹਾ, ‘‘ਪੁਲੀਸ ਅਧਿਕਾਰੀ ਸਿਰਫ਼ ਉਦੋਂ ਹੀ ਤਾਕਤ ਦੀ ਵਰਤੋਂ ਕਰ ਸਕਦੇ ਹਨ ਜਦੋਂ ਲੋੜ ਹੋਵੇ, ਅਨੁਪਾਤਕ ਅਤੇ ਹਾਲਾਤ ’ਚ ਉਚਿਤ ਹੋਵੇ। ਅਧਿਕਾਰੀ ਕੋਲ ਮੁੰਡੇ ’ਤੇ ਹਮਲਾ ਕਰਨ ਦਾ ਕੋਈ ਉਦੇਸ਼ ਜਾਂ ਹੋਰ ਜਾਇਜ਼ ਮਤਲਬ ਨਹੀਂ ਸੀ, ਜਿਸ ਨੇ ਉਸ ਲਈ ਕੋਈ ਅਸਲ ਖ਼ਤਰਾ ਨਹੀਂ ਸੀ।’’
ਕੈਂਪਬੈਲ ਨੇ ਕਿਹਾ, ‘‘ਪੀੜਤ ਦੀ ਉਮਰ ਅਤੇ ਸੰਵੇਦਨਸ਼ੀਲਤਾ ਸਪੱਸ਼ਟ ਤੌਰ ’ਤੇ ਗੰਭੀਰ ਕਾਰਕ ਸਨ ਅਤੇ ਫਿਰ ਸ਼ਰਨਜੀਤ ਕੌਰ ਦੀਆਂ ਕਾਰਵਾਈਆਂ ਕਾਰਨ ਲੋਕਾਂ ਦਾ ਪੁਲਿਸ ’ਚ ਭਰੋਸਾ ਕਮਜ਼ੋਰ ਕਰਨ ਦੀ ਸੰਭਾਵਨਾ ਸੀ। ਉਸ ਨੂੰ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਇਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਹੁਣ ਜਦੋਂ ਸ਼ਰਨਜੀਤ ਕੌਰ ਵਿਰੁਧ ਅਪਰਾਧਕ ਕੇਸ ਖ਼ਤਮ ਹੋ ਗਿਆ ਹੈ ਤਾਂ ਪੁਲਿਸ ਵੀ ਅਨੁਸ਼ਾਸਨਹੀਣਤਾ ਲਈ ਸ਼ਰਨਜੀਤ ਕੌਰ ਵਿਰੁਧ ਸੁਣਵਾਈ ਕਰੇਗਾ।