
ਵੇਸਟਮਿਨਿਸਟਰ ਕੋਰਟ ਦੇ ਫੈਸਲੇ ਤੋਂ ਬਾਅਦ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਇਸ ਫੈਸਲੇ ਦਾ ਅਧਿਐਨ ਕਰ ਕੇ ਇਸ ਦੇ ਵਿਰੁਧ ਹਾਈ ਕੋਰਟ ਵਿਚ ਅਪੀਲ ਕਰਨਗੇ।
ਬ੍ਰਿਟੇਨ , ( ਭਾਸ਼ਾ) : ਭਾਰਤ ਵਿਚ ਹਵਾਲਗੀ ਤੋਂ ਬਚਣ ਲਈ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਲੰਡਨ ਦੀ ਉੱਚ ਅਦਾਲਤ ਦੀ ਸ਼ਰਨ ਲੈ ਸਕਦੇ ਹਨ। ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੇਸਟਮਿਨਿਸਟਰ ਕੋਰਟ ਦੇ ਫੈਸਲੇ ਵਿਰੁਧ ਮਾਲਿਆ ਹਾਈ ਕੋਰਟ ਵਿਚ ਅਪੀਲ ਕਰਨ ਜਾ ਰਹੇ ਹਨ। ਦੱਸ ਦਈਏ ਕਿ ਵੈਸਟਮਿਨਿਸਟਰ ਕੋਰਟ ਨੇ ਵਿਜੇ ਮਾਲਿਆ ਨੂੰ ਭਾਰਤ ਦੇ ਹਵਾਲੇ ਕਰਨ ਦੇ ਹੁਕਮ ਦਿਤੇ ਸਨ। ਹਾਲਾਂਕਿ ਅਦਾਲਤ ਨੇ ਇਸ ਫੈਸਲੇ ਵਿਰੁਧ ਬ੍ਰਿਟਿਸ਼ ਹਾਈ ਕੋਰਟ ਵਿਚ ਅਪੀਲ ਕਰਨ ਦੇ ਲਈ ਵਿਜੇ ਮਾਲਿਆ ਨੂੰ 14 ਦਿਨਾਂ ਦਾ ਸਮਾਂ ਦਿਤਾ ਸੀ।
Westminster Magistrates Court
ਵੇਸਟਮਿਨਿਸਟਰ ਕੋਰਟ ਦੇ ਫੈਸਲੇ ਤੋਂ ਬਾਅਦ ਵਿਜੇ ਮਾਲਿਆ ਨੇ ਕਿਹਾ ਸੀ ਕਿ ਉਹ ਇਸ ਫੈਸਲੇ ਦਾ ਅਧਿਐਨ ਕਰ ਕੇ ਇਸ ਦੇ ਵਿਰੁਧ ਹਾਈ ਕੋਰਟ ਵਿਚ ਅਪੀਲ ਕਰਨਗੇ। ਜ਼ਿਕਰਯੋਗ ਹੈ 62 ਸਾਲ ਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਭਾਰਤ ਦੀਆਂ ਸਰਕਾਰੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਲੈ ਕੇ ਦੇਸ਼ ਤੋਂ ਫਰਾਰ ਹੋ ਜਾਣ ਦਾ ਦੋਸ਼ ਹੈ। ਮਾਲਿਆ ਨਾਲ ਜੁੜੇ ਇਕ ਨੇੜਲੇ ਨੇ ਦੱਸਿਆ ਕਿ ਮਾਲਿਆ ਨੇ ਕੋਰਟ ਦੇ ਫੈਸਲੇ 'ਤੇ ਇਹ ਨਿਰਣਾ ਲਿਆ ਹੈ। ਅਤੇ ਹੁਣ ਉਹ ਉਚਿਤ ਸਮੇਂ 'ਤੇ ਅਪੀਲ ਕਰਨਗੇ।
British High Court
ਪਿਛਲੇ ਕੁਝ ਸਮੇਂ ਤੋਂ ਵਿਜੇ ਮਾਲਿਆ ਨੇ ਭਾਰਤ ਦੇ ਬੈਂਕਾਂ ਤੋਂ ਲਏ ਗਏ ਲੋਨ ਦਾ ਮੂਲਧਨ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਟਵੀਟ ਕਰ ਕੇ ਕਈ ਵਾਰ ਕਿਹਾ ਸੀ ਕਿ ਉਹ ਮੂਲ ਰਾਸ਼ੀ ਦਾ 100 ਫ਼ੀ ਸਦੀ ਵਾਪਸ ਕਰਨ ਨੂੰ ਤਿਆਰ ਹਨ ਅਤੇ ਇਸ ਨੂੰ ਕਬੂਲ ਕੀਤਾ ਜਾਵੇ। ਇਹ ਵੀ ਦੱਸ ਦਈਏ ਕਿ ਮੁੰਬਈ ਦੀ ਵਿਸ਼ੇਸ਼ ਅਦਾਲਤ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਰਜ਼ੀ 'ਤੇ 26 ਦਸੰਬਰ ਨੂੰ ਹੁਕਮ ਦੇਵੇਗੀ।
Enforcement Directorate
ਇਸ ਵਿਚ ਈਡੀ ਨੇ ਵਿਜੇ ਮਾਲਿਆ ਨੂੰ ਆਰਥਿਕ ਅਪਰਾਧਾਂ ਦਾ ਭਗੌੜਾ ਐਲਾਨ ਕੀਤੇ ਜਾਣ ਦੀ ਮੰਗ ਕੀਤੀ ਹੈ। ਈਡੀ ਨੇ ਉਸ ਦੀ ਜਾਇਦਾਦ ਜ਼ਬਤ ਕਰਨ ਦੇ ਲਈ ਵੀ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਜੇਕਰ ਮਾਲਿਆ ਭਗੌੜਾ ਐਲਾਨਿਆ ਜਾਂਦਾ ਹੈ ਤਾਂ ਈਡੀ ਨੂੰ ਉਸ ਦੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਮਿਲ ਜਾਵੇਗਾ।