
Russia Developed Cancer Vaccine: 2025 ਤੋਂ ਦੇਸ਼ ਦੇ ਨਾਗਰਿਕਾਂ ਨੂੰ ਵੈਕਸੀਨ ਮੁਫ਼ਤ ਦਿਤੀ ਜਾਵੇਗੀ
Russia Developed Cancer Vaccine: ਰੂਸ ਨੇ ਮੈਡੀਕਲ ਵਿਗਿਆਨ ਵਿਚ ਇਕ ਵੱਡੀ ਸਫ਼ਲਤਾ ਹਾਸਲ ਕਰਨ ਦਾ ਐਲਾਨ ਕੀਤਾ ਹੈ। ਰੂਸ ਦੀ ਸਰਕਾਰ ਨੇ ਕੈਂਸਰ ਨੂੰ ਰੋਕਣ ਦੇ ਸਮਰੱਥ mRNA ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਰੂਸ ਨੇ ਕਿਹਾ ਹੈ ਕਿ 2025 ਤੋਂ ਇਹ ਟੀਕਾ ਦੇਸ਼ ਦੇ ਨਾਗਰਿਕਾਂ ਨੂੰ ਮੁਫ਼ਤ ਦਿਤਾ ਜਾਵੇਗਾ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਦਸਿਆ ਹੈ ।
ਰੂਸ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਟੀਕੇ ਨੂੰ ਬਣਾਉਣ ਦਾ ਐਲਾਨ ਕੀਤਾ। ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਪ੍ਰਿਨ ਨੇ ਕਿਹਾ ਕਿ mRNA ਤਕਨੀਕ 'ਤੇ ਆਧਾਰਿਤ ਇਹ ਟੀਕਾ ਟਿਊਮਰ ਦੇ ਵਾਧੇ ਨੂੰ ਰੋਕਣ ਦੇ ਸਮਰੱਥ ਹੈ। ਰੂਸੀ ਸਮਾਚਾਰ ਏਜੰਸੀ TASS ਦੇ ਅਨੁਸਾਰ, ਇਸਨੇ ਕਲੀਨਿਕਲ ਟਰਾਇਲਾਂ ਵਿਚ ਸ਼ਾਨਦਾਰ ਨਤੀਜੇ ਦਿਖਾਏ ਹਨ। ਇਹ ਟੀਕਾ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਕੈਂਸਰ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਕੈਂਸਰ ਦੀ ਵੈਕਸੀਨ ਬਣਾਉਣ ਦੇ ਆਖ਼ਰੀ ਪੜਾਅ 'ਤੇ ਹੈ। ਪੁਤਿਨ ਨੇ ਕਿਹਾ, "ਅਸੀਂ ਇਮਯੂਨੋਮੋਡਿਊਲੇਟਰੀ ਦਵਾਈਆਂ ਅਤੇ ਵੈਕਸੀਨਾਂ ਦੀ ਨਵੀਂ ਪੀੜ੍ਹੀ ਦੇ ਵਿਕਾਸ ਦੇ ਨੇੜੇ ਹਾਂ। ਇਹ ਸਿਰਫ਼ ਰੂਸ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਇਕ ਨਵੀਂ ਉਮੀਦ ਹੈ"। ਹੁਣ ਆਖ਼ਰਕਾਰ ਰੂਸ ਨੇ ਇਸ ਨੂੰ ਵਿਕਸਤ ਕਰਨ ਦਾ ਐਲਾਨ ਕਰ ਦਿਤਾ ਹੈ।
ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਕੈਂਸਰ ਦੇ ਮਾਮਲੇ
ਭਾਰਤ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। 2022 'ਚ, ਦੇਸ਼ ਵਿਚ 14.13 ਲੱਖ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ 7.22 ਲੱਖ ਔਰਤਾਂ ਅਤੇ 6.91 ਲੱਖ ਪੁਰਸ਼ ਸ਼ਾਮਲ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਸਾਰ, ਅਗਲੇ ਪੰਜ ਸਾਲਾਂ ਵਿਚ ਕੈਂਸਰ ਦੇ ਕੇਸਾਂ ਵਿਚ 12% ਦੀ ਦਰ ਨਾਲ ਵਾਧਾ ਹੋ ਸਕਦਾ ਹੈ। ਇਸ ਦੇ ਮੁੱਖ ਕਾਰਨ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਹਨ।