
Nigeria Gasoline Explosion News: ਮੰਨਿਆ ਜਾ ਰਿਹਾ ਹੈ ਕਿ ਗੈਸ ਟਰਾਂਸਫ਼ਰ ਦੌਰਾਨ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ
ਨਾਈਜੀਰੀਆ ਵਿੱਚ ਇੱਕ ਗੈਸੋਲੀਨ ਟੈਂਕਰ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਮਜ਼ਦੂਰਾਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੋਏ ਧਮਾਕੇ ਤੋਂ ਬਾਅਦ ਟੈਂਕਰ 'ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਈ ਮੀਟਰ ਉੱਚੀਆਂ ਉੱਠੀਆਂ ਅਤੇ ਅਸਮਾਨ ਵਿੱਚ ਕਾਲਾ ਧੂੰਆਂ ਦਿਖਾਈ ਦੇਣ ਲੱਗਾ। ਇਹ ਧਮਾਕਾ ਨਾਈਜੀਰੀਆ ਦੇ ਉੱਤਰੀ-ਕੇਂਦਰੀ ਹਿੱਸੇ ਵਿੱਚ ਇੱਕ ਗੈਸੋਲੀਨ ਟੈਂਕਰ ਵਿੱਚ ਹੋਇਆ। ਧਮਾਕੇ ਕਾਰਨ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ।
ਦੇਸ਼ ਦੀ ਐਮਰਜੈਂਸੀ ਰਿਸਪਾਂਸ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਦੇ ਅਨੁਸਾਰ, ਨਾਈਜਰ ਰਾਜ ਦੇ ਸੁਲੇਜਾ ਖੇਤਰ ਦੇ ਨੇੜੇ ਸ਼ਨੀਵਾਰ ਤੜਕੇ ਧਮਾਕਾ ਹੋਇਆ, ਜਦੋਂ ਲੋਕ ਇੱਕ ਜਨਰੇਟਰ ਦੀ ਵਰਤੋਂ ਕਰ ਕੇ ਇੱਕ ਟੈਂਕਰ ਤੋਂ ਦੂਜੇ ਟਰੱਕ ਵਿੱਚ ਗੈਸੋਲੀਨ ਟ੍ਰਾਂਸਫ਼ਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਮੰਨਿਆ ਜਾ ਰਿਹਾ ਹੈ ਕਿ ਗੈਸ ਟਰਾਂਸਫਰ ਦੌਰਾਨ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਹਾਲਾਂਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਅਸਲ ਕਾਰਨ ਦੱਸਿਆ ਜਾ ਸਕੇਗਾ।
ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦੇ ਆਸ-ਪਾਸ ਵੱਡੀ ਗਿਣਤੀ ਮਜ਼ਦੂਰ ਤੇ ਹੋਰ ਮੁਲਾਜ਼ਮ ਖੜ੍ਹੇ ਸਨ। ਇਸ ਕਾਰਨ ਜ਼ਿਆਦਾਤਰ ਲੋਕ ਇਸ ਦਾ ਸ਼ਿਕਾਰ ਹੋ ਗਏ।
ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਹੁਸੈਨੀ ਈਸਾ ਨੇ ਕਿਹਾ ਕਿ ਧਮਾਕਾ ਈਂਧਨ ਟ੍ਰਾਂਸਫਰ ਕਰਕੇ ਹੋਇਆ ਸੀ, ਜਿਸ ਦੇ ਨਤੀਜੇ ਵਜੋਂ ਗੈਸੋਲੀਨ ਟ੍ਰਾਂਸਫ਼ਰ ਕਰਨ ਵਾਲੇ ਲੋਕਾਂ ਅਤੇ ਖੜ੍ਹੇ ਲੋਕਾਂ ਦੀ ਮੌਤ ਹੋ ਗਈ। ਈਸਾ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ।