ਆਸਟ੍ਰੇਲੀਆਈ ਯੂਨੀਵਰਸਿਟੀ ਦਾ ਦਾਅਵਾ
ਮੈਲਬੋਰਨ, 18 ਜੁਲਾਈ : ਇਥੋ ਦੀ ਮੰਨੀ-ਪ੍ਰਮੰਨੀ ਮੋਨਾਸ਼ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਖ਼ੂਨ ਦੀ ਜਾਂਚ ਦਾ ਇਕ ਨਵਾਂ ਤਰੀਕਾ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ ਜੋ ਸਿਰਫ਼ 20 ਮਿੰਟ ਵਿਚ ਕੋਰੋਨਾ ਵਾਇਰਸ ਲਾਗ ਦਾ ਪਤਾ ਲਗਾ ਸਕਦਾ ਹੈ। ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਸਾਰਸ-ਸੀਓਵੀ-2 ਲਾਗ ਵਿਰੁਧ ਪੈਦਾ ਹੋਏ ਐਂਟੀਬਾਡੀ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਖ਼ੂਨ ਵਿਚ ਇਕ ਤੱਤ ਦੀ ਮੌਜੂਦਗੀ ਅਤੇ ਉਸ ਦੀ ਮਾਤਰਾ ਦਾ ਪਤਾ ਲਗਾਉਣ ਲਈ ਜ਼ਰੂਰੀ ਵਿਸ਼ਲੇਸ਼ਣ ਦਾ ਤਰੀਕਾ ਤਿਆਰ ਕੀਤਾ ਹੈ। ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਖੋਜ ਦੇ ਤਹਿਤ ਵਿਗਿਆਨੀਆਂ ਦੇ ਦਲ ਨੇ ਖ਼ੂਨ ਦੇ ਨਮੂਨਿਆਂ ਤੋਂ 25 ਮਾਈਕ੍ਰੋਲੀਟਰ ਪਲਾਜ਼ਮਾ ਲੈ ਕੇ ਕੋਵਿਡ-19 ਦੇ ਮਾਮਲਿਆਂ ਦੀ ਪਛਾਣ ਕੀਤੀ।
ਬਿਆਨ ਵਿਚ ਦਸਿਆ ਗਿਆ, ‘ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਵਿਚ ਲਾਲ ਖ਼ੂਨ ਦੇ ਸੈੱਲਾਂ ਦੇ ਗੁੱਛੇ ਬਣਨ ਲੱਗੇ, ਜੋ ਅੱਖਾਂ ਨਾਲ ਸਾਧਾਰਣ ਤਰੀਕੇ ਨਾਲ ਵੇਖੇ ਜਾ ਸਕਦੇ ਹਨ। ਇਸ ਤਰੀਕੇ ਨਾਲ ਵਿਗਿਆਨੀ ਕਰੀਬ 20 ਮਿੰਟ ਵਿਚ ਕੋਰੋਨਾ ਵਾਇਰਸ ਹੋਣ ਜਾਂ ਨਾ ਹੋਣ ਦੇ ਮਾਮਲਿਆਂ ਦਾ ਪਤਾ ਲਗਾ ਸਕੇ।’ (ਪੀਟੀਆਈ)