ਮੋਦੀ ਨੇ 8 ਅਤੇ 9 ਜੁਲਾਈ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਪਣੀ ਦੋ ਦਿਨਾਂ ਮਾਸਕੋ ਯਾਤਰਾ ਦੌਰਾਨ ਇਹ ਮੁੱਦਾ ਚੁਕਿਆ ਸੀ
ਨਵੀਂ ਦਿੱਲੀ: ਭਾਰਤ ਅਤੇ ਰੂਸ ਰੂਸੀ ਹਥਿਆਰਬੰਦ ਬਲਾਂ ’ਚ ਸੇਵਾ ਨਿਭਾ ਰਹੇ ਭਾਰਤੀਆਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਅਤੇ 9 ਜੁਲਾਈ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਅਪਣੀ ਦੋ ਦਿਨਾਂ ਮਾਸਕੋ ਯਾਤਰਾ ਦੌਰਾਨ ਇਹ ਮੁੱਦਾ ਚੁਕਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਲਗਭਗ 50 ਭਾਰਤੀ ਨਾਗਰਿਕਾਂ ਬਾਰੇ ਜਾਣਦੇ ਹਾਂ ਜੋ ਇਸ ਸਮੇਂ ਰੂਸੀ ਹਥਿਆਰਬੰਦ ਬਲਾਂ ਵਿਚ ਅਪਣੀ ਨੌਕਰੀ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।’’
ਬੁਲਾਰੇ ਨੇ ਅਪਣੀ ਹਫਤਾਵਾਰੀ ਪ੍ਰੈਸ ਬ੍ਰੀਫਿੰਗ ’ਚ ਕਿਹਾ, ‘‘ਇਹ ਅਜਿਹੇ ਮਾਮਲੇ ਹਨ ਜਿੱਥੇ ਵਿਅਕਤੀ ਜਾਂ ਉਸ ਦੇ ਪਰਵਾਰਕ ਮੈਂਬਰਾਂ ਨੇ ਅਪਣੀ ਸੇਵਾ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਨੂੰ ਯਕੀਨੀ ਬਣਾਉਣ ’ਚ ਸਹਾਇਤਾ ਲਈ ਸਾਡੇ ਨਾਲ ਸੰਪਰਕ ਕੀਤਾ ਹੈ।’’
ਜੈਸਵਾਲ ਨੇ ਕਿਹਾ ਕਿ ਇਹ ਮੁੱਦਾ ਲੀਡਰਸ਼ਿਪ ਪੱਧਰ ਸਮੇਤ ਵੱਖ-ਵੱਖ ਪੱਧਰਾਂ ’ਤੇ ਰੂਸ ਕੋਲ ਉਠਾਇਆ ਗਿਆ ਹੈ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨੇ ਹਾਲ ਹੀ ’ਚ ਰੂਸ ਦੀ ਅਪਣੀ ਯਾਤਰਾ ਦੌਰਾਨ ਇਹ ਮਾਮਲਾ ਚੁਕਿਆ ਸੀ। ਰੂਸੀ ਪੱਖ ਨੇ ਸਾਡੀ ਬੇਨਤੀ ’ਤੇ ਸਕਾਰਾਤਮਕ ਪ੍ਰਤੀਕਿਰਿਆ ਦਿਤੀ ਹੈ। ਦੋਵੇਂ ਧਿਰਾਂ ਭਾਰਤੀ ਨਾਗਰਿਕਾਂ ਨੂੰ ਜਲਦੀ ਸੇਵਾ ਮੁਕਤ ਕਰਨ ਲਈ ਕੰਮ ਕਰ ਰਹੀਆਂ ਹਨ।’’
ਪਿਛਲੇ ਮਹੀਨੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਰੂਸੀ ਫੌਜ ’ਚ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦਾ ਮੁੱਦਾ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਉਸ ਨੇ ਮਾਸਕੋ ਤੋਂ ਕਾਰਵਾਈ ਦੀ ਮੰਗ ਕੀਤੀ ਸੀ।
ਭਾਰਤ ਨੇ 11 ਜੂਨ ਨੂੰ ਕਿਹਾ ਸੀ ਕਿ ਰੂਸੀ ਫੌਜ ’ਚ ਭਰਤੀ ਹੋਏ ਦੋ ਭਾਰਤੀ ਨਾਗਰਿਕਾਂ ਦੀ ਹਾਲ ਹੀ ’ਚ ਯੂਕਰੇਨ ਨਾਲ ਜੰਗ ’ਚ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਤਕ ਰੂਸੀ ਫੌਜ ’ਚ ਸੇਵਾ ਨਿਭਾ ਰਹੇ ਚਾਰ ਭਾਰਤੀ ਨਾਗਰਿਕ ਮਾਰੇ ਜਾ ਚੁਕੇ ਹਨ। ਦੋਹਾਂ ਭਾਰਤੀਆਂ ਦੀ ਮੌਤ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਰੂਸੀ ਫੌਜ ਵਲੋਂ ਭਾਰਤੀ ਨਾਗਰਿਕਾਂ ਦੀ ਭਰਤੀ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਮੰਗ ਕੀਤੀ ਸੀ।
ਭਾਰਤ ਨੇ ਸਖ਼ਤ ਸ਼ਬਦਾਂ ’ਚ ਇਕ ਬਿਆਨ ’ਚ ਕਿਹਾ ਸੀ ਕਿ ਉਹ ਮੰਗ ਕਰਦਾ ਹੈ ਕਿ ਰੂਸੀ ਫੌਜ ਭਾਰਤੀ ਨਾਗਰਿਕਾਂ ਦੀ ਭਰਤੀ ਨੂੰ ਪੂਰੀ ਤਰ੍ਹਾਂ ਬੰਦ ਕਰੇ ਕਿਉਂਕਿ ਅਜਿਹੀਆਂ ਗਤੀਵਿਧੀਆਂ ਸਾਡੀ ਭਾਈਵਾਲੀ ਦੇ ਅਨੁਕੂਲ ਨਹੀਂ ਹੋਣਗੀਆਂ।
ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਅਸਫਾਨ (30) ਦੀ ਮਾਰਚ ’ਚ ਯੂਕਰੇਨ ’ਚ ਰੂਸ ਲਈ ਲੜਦੇ ਹੋਏ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਗੁਜਰਾਤ ਦੇ ਸੂਰਤ ਦਾ ਰਹਿਣ ਵਾਲਾ 23 ਸਾਲਾ ਹੇਮਲ ਅਸ਼ਵਿਨਭਾਈ ਮੰਗੂਆ ਫ਼ਰਵਰੀ ’ਚ ਡੋਨੇਟਸਕ ਖੇਤਰ ’ਚ ਸੁਰੱਖਿਆ ਸਹਾਇਕ ਦੇ ਤੌਰ ’ਤੇ ਸੇਵਾ ਨਿਭਾਉਂਦੇ ਹੋਏ ਯੂਕਰੇਨ ਦੇ ਹਵਾਈ ਹਮਲੇ ’ਚ ਮਾਰਿਆ ਗਿਆ ਸੀ।
ਏਅਰ ਇੰਡੀਆ ਨੇ ਰੂਸ ’ਚ ਫਸੇ ਮੁਸਾਫ਼ਰਾਂ ਨੂੰ ਲਿਆਉਣ ਲਈ ਮੁੰਬਈ ਤੋਂ ਰਾਹਤ ਉਡਾਣ ਭੇਜੀ
ਮੁੰਬਈ: ਏਅਰ ਇੰਡੀਆ ਨੇ ਦਿੱਲੀ-ਸਾਨ ਫਰਾਂਸਿਸਕੋ ਉਡਾਣ ਦੇ ਮੁਸਾਫ਼ਰਾਂ ਨੂੰ ਲਿਜਾਣ ਲਈ ਮੁੰਬਈ ਤੋਂ ਰਾਹਤ ਉਡਾਣ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ। ਮੁਸਾਫ਼ਰ ਵੀਰਵਾਰ ਤੋਂ ਰੂਸ ਦੇ ਕ੍ਰਾਸਨੋਯਾਰਸਕ ਕੌਮਾਂਤਰੀ ਹਵਾਈ ਅੱਡੇ (ਕੇ.ਜੇ.ਏ.) ’ਤੇ ਫਸੇ ਹੋਏ ਹਨ।
ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦਸਿਆ ਕਿ ਰਾਹਤ ਉਡਾਣ ਏ.ਆਈ. 1179 ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ 12:52 ਵਜੇ ਰਵਾਨਾ ਹੋਈ ਅਤੇ ਇਸ ਦੇ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 8 ਵਜੇ ਰੂਸ ਦੇ ਸ਼ਹਿਰ ਕ੍ਰਾਸਨੋਯਾਰਸਕ ਦੇ ਹਵਾਈ ਅੱਡੇ ’ਤੇ ਪਹੁੰਚਣ ਦੀ ਉਮੀਦ ਹੈ।
ਏਅਰ ਲਾਈਨ ਨੇ ਕਿਹਾ ਕਿ ਰੂਸੀ ਹਵਾਈ ਅੱਡੇ ’ਤੇ ਮੁਸਾਫ਼ਰਾਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਚਾਲਕ ਦਲ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਏਅਰ ਇੰਡੀਆ ਦੀ ਇਕ ਟੀਮ ਰਾਹਤ ਉਡਾਣ ’ਤੇ ਸਵਾਰ ਹੈ। ਸਾਰੇ ਮੁਸਾਫ਼ਰਾਂ ਲਈ ਢੁਕਵੇਂ ਭੋਜਨ ਤੋਂ ਇਲਾਵਾ, ਜ਼ਰੂਰੀ ਚੀਜ਼ਾਂ ਵੀ ਇਸ ’ਚ ਮੌਜੂਦ ਹਨ। ਜਹਾਜ਼ ਸਾਰੇ ਮੁਸਾਫ਼ਰਾਂ ਅਤੇ ਚਾਲਕ ਦਲ ਨੂੰ ਜਲਦੀ ਤੋਂ ਜਲਦੀ ਹਵਾਈ ਅੱਡੇ ਤੋਂ ਬਾਹਰ ਲੈ ਜਾਵੇਗਾ।
ਏਅਰਲਾਈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ‘ ’ਤੇ ਕਿਹਾ ਕਿ ਉਸ ਨੂੰ ਰਾਹਤ ਉਡਾਣ ਲਈ ਰੈਗੂਲੇਟਰੀ ਮਨਜ਼ੂਰੀ ਮਿਲ ਗਈ ਹੈ। ਏਅਰਲਾਈਨ ਨੇ ਕਿਹਾ ਕਿ ਉਸ ਨੇ ਜਾਣਕਾਰੀ ਲਈ ਇਕ ਸਮਰਪਿਤ ਹੌਟਲਾਈਨ ਸੇਵਾ ਵੀ ਸਥਾਪਤ ਕੀਤੀ ਹੈ। ਇਸ ਦੇ ਤਹਿਤ ਤੁਸੀਂ ਭਾਰਤ ’ਚ ਗੱਲ ਕਰਨ ਲਈ 011-69329301 ’ਤੇ ਅਤੇ ਅਮਰੀਕਾ ’ਚ ਗੱਲ ਕਰਨ ਲਈ +13177390126 ’ਤੇ ਸੰਪਰਕ ਕਰ ਸਕਦੇ ਹੋ।