
International News: ਫ਼ਲਸਤੀਨੀਆਂ ਨੇ ਪਟਾਕੇ ਚਲਾ ਕੇ ਕੀਤਾ ਸਵਾਗਤ
International News: ਇਜ਼ਰਾਈਲ ਨੇ ਹਮਾਸ ਨਾਲ ਜੰਗਬੰਦੀ ਸਮਝੌਤੇ ਤਹਿਤ ਸੋਮਵਾਰ ਤੜਕੇ 90 ਫ਼ਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿਤਾ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਹਮਾਸ ਨੇ ਤਿੰਨ ਇਜ਼ਰਾਇਲੀ ਬੰਧਕਾਂ ਨੂੰ ਰਿਹਾਅ ਕਰ ਦਿਤਾ ਸੀ ਜੋ ਇਜ਼ਰਾਈਲ ਪਹੁੰਚ ਚੁੱਕੇ ਹਨ। ਜਿਵੇਂ ਹੀ ਵੱਡੀਆਂ ਚਿੱਟੀਆਂ ਬਸਾਂ ਵਿਚ ਕੈਦੀਆਂ ਨੂੰ ਜੇਲ ਤੋਂ ਬਾਹਰ ਲਿਆਂਦਾ ਗਿਆ ਤਾਂ ਲੋਕਾਂ ਨੇ ਜਸ਼ਨ ਮਨਾਏ ਅਤੇ ਪਟਾਕੇ ਚਲਾਏ। ਬਸਾਂ ਦੇ ਆਲੇ-ਦੁਆਲੇ ਫ਼ਲਸਤੀਨੀਆਂ ਦੀ ਭੀੜ ਇਕੱਠੀ ਹੋ ਗਈ ਅਤੇ ਉੱਥੇ ਮੌਜੂਦ ਲੋਕਾਂ ਨੇ ਨਾਹਰੇਬਾਜ਼ੀ ਕੀਤੀ।
ਫ਼ਲਸਤੀਨੀ ਅਥਾਰਟੀ ਦੇ ਕੈਦੀ ਮਾਮਲਿਆਂ ਦੇ ਕਮਿਸ਼ਨ ਦੁਆਰਾ ਪ੍ਰਦਾਨ ਕੀਤੀ ਗਈ ਸੂਚੀ ਅਨੁਸਾਰ, ਰਿਹਾਅ ਕੀਤੇ ਗਏ ਸਾਰੇ ਔਰਤਾਂ ਜਾਂ ਨਾਬਾਲਗ਼ ਸਨ।
ਇਜ਼ਰਾਈਲ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦੇ ਜ਼ੁਰਮਾਂ ਲਈ ਹਿਰਾਸਤ ਵਿਚ ਲਿਆ ਸੀ। ਇਨ੍ਹਾਂ ਲੋਕਾਂ ’ਤੇ ਪੱਥਰਬਾਜ਼ੀ ਤੋਂ ਲੈ ਕੇ ਹਤਿਆ ਦੀ ਕੋਸ਼ਿਸ਼ ਤਕ ਦੇ ਗੰਭੀਰ ਦੋਸ਼ ਸਨ।
ਵੈਸਟ ਬੈਂਕ ’ਤੇ ਇਜ਼ਰਾਈਲ ਦਾ ਕਬਜ਼ਾ ਹੈ ਅਤੇ ਫ਼ੌਜ ਨੇ ਲੋਕਾਂ ਨੂੰ ਕੋਈ ਵੀ ਜਨਤਕ ਜਸ਼ਨ ਨਾ ਮਨਾਉਣ ਲਈ ਕਿਹਾ ਹੈ। ਕੈਦੀਆਂ ਦੀ ਰਿਹਾਈ ਅੱਧੀ ਰਾਤ ਨੂੰ ਹੋਈ, ਜਿਸਦੀ ਫ਼ਲਸਤੀਨੀਆਂ ਨੇ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਕੈਦੀਆਂ ਦੇ ਘਰ ਵਾਪਸੀ ’ਤੇ ਸਵਾਗਤ ਕਰਨ ਤੋਂ ਭੀੜ ਨੂੰ ਰੋਕਣ ਦੀ ਕੋਸ਼ਿਸ਼ ਹੈ।
ਰਿਹਾਅ ਕੀਤੇ ਗਏ ਕੈਦੀਆਂ ਵਿਚ ਸਭ ਤੋਂ ਪ੍ਰਮੁੱਖ 62 ਸਾਲਾ ਖਾਲਿਦਾ ਜਰਾਰ ਹੈ, ਜੋ ਫ਼ਲਸਤੀਨ ਦੀ ਮੁਕਤੀ ਲਈ ਕੰਮ ਕਰਨ ਵਾਲੀ ਸੰਸਥਾ ‘ਪੀਐਫ਼ਐਲਪੀ’ ਦੀ ਪ੍ਰਮੁੱਖ ਮੈਂਬਰ ਹੈ। ਸੰਗਠਨ ’ਤੇ 70 ਦੇ ਦਹਾਕੇ ਵਿਚ ਇਜ਼ਰਾਈਲੀਆਂ ’ਤੇ ਅਗਵਾ ਅਤੇ ਹੋਰ ਹਮਲਿਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ, ਪਰ ਹਾਲ ਹੀ ਦੇ ਸਾਲਾਂ ਵਿਚ ਸੰਗਠਨ ਨੇ ਆਪਣੀਆਂ ਹਿੰਸਕ ਗਤੀਵਿਧੀਆਂ ਵਿਚ ਕਮੀ ਕੀਤੀ ਹੈ।