ਕੀ ਟਰੰਪ ਬਣਾ ਰਹੇ ਹਨ ਅਪਣਾ ਸੰਯੁਕਤ ਰਾਸ਼ਟਰ?
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਹੋਰ ਵਿਸ਼ਵਵਿਆਪੀ ਭਾਈਵਾਲਾਂ ਦੇ ਨਾਲ ਗਾਜ਼ਾ ਸ਼ਾਂਤੀ ਸਮਝੌਤੇ ਨਾਲ ਜੁੜੇ ‘ਬੋਰਡ ਆਫ਼ ਪੀਸ’ ਵਿਚ ਸ਼ਾਮਲ ਹੋਣ ਲਈ ਸੱਦਾ ਦਿਤਾ ਹੈ। ਟਰੰਪ ਵਲੋਂ ਬਣਾਏ ਗਏ ਇਸ ‘ਬੋਰਡ ਆਫ਼ ਪੀਸ’ ਨੂੰ ਗਾਜ਼ਾ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਨਵੀਂ ਕੌਮਾਂਤਰੀ ਸੰਸਥਾ ਵਜੋਂ ਪੇਸ਼ ਕਰ ਰਿਹਾ ਹੈ। ਇਜ਼ਰਾਈਲ ਦੀ ਦੋ ਸਾਲਾਂ ਦੀ ਫ਼ੌਜੀ ਮੁਹਿੰਮ ਨੇ ਗਾਜ਼ਾ ਪੱਟੀ ਨੂੰ ਤਬਾਹ ਕਰ ਦਿਤਾ ਹੈ। ਹੁਣ, ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਪੱਟੀ ਵਿਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗਬੰਦੀ ਸਮਝੌਤੇ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਇਸ ਬੋਰਡ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ। ਹਾਲਾਂਕਿ, ਕੁਝ ਆਲੋਚਕਾਂ ਦਾ ਦੋਸ਼ ਹੈ ਕਿ ‘ਬੋਰਡ ਆਫ਼ ਪੀਸ’ ਰਾਹੀਂ, ਟਰੰਪ ਅਪਣਾ ਸੰਯੁਕਤ ਰਾਸ਼ਟਰ ਬਣਾ ਰਹੇ ਹਨ।
ਬਲੂਮਬਰਗ ਦੀਆਂ ਰਿਪੋਰਟਾਂ ਅਨੁਸਾਰ, ਇਸ ਬੋਰਡ ਵਿਚ ਸਥਾਈ ਮੈਂਬਰਸ਼ਿਪ ਲਈ, ਤਿੰਨ ਸਾਲਾਂ ਤੋਂ ਵੱਧ ਸਮੇਂ ਲਈ, ਮੈਂਬਰ ਦੇਸ਼ਾਂ ਨੂੰ ਗਾਜ਼ਾ ਦੇ ਪੁਨਰ ਨਿਰਮਾਣ ਲਈ 1 ਅਰਬ ਡਾਲਰ (ਲਗਭਗ 8,300 ਕਰੋੜ ਰੁਪਏ) ਦਾ ਯੋਗਦਾਨ ਪਾਉਣ ਦੀ ਲੋੜ ਹੁੰਦੀ ਹੈ। ਜਿਹੜੇ ਦੇਸ਼ ਇਸ ਰਕਮ ਦਾ ਯੋਗਦਾਨ ਨਹੀਂ ਪਾਉਂਦੇ ਹਨ, ਉਨ੍ਹਾਂ ਦੀ ਮਿਆਦ ਸਿਰਫ਼ ਤਿੰਨ ਸਾਲ ਹੋਵੇਗੀ।
