ਪ੍ਰਮਾਣੂ ਹਥਿਆਰ ਛੱਡਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਵਿਚ ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ ਨੂੰ ਲਗਜ਼ਰੀ ਚੀਜ਼ਾਂ ਦੀ ਸਪਲਾਈ ’ਤੇ ਪਾਬੰਦੀ ਲਾਈ ਹੋਈ ਹੈ
ਸਿਓਲ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਨਿੱਜੀ ਵਰਤੋਂ ਲਈ ਰੂਸ ’ਚ ਬਣੀ ਕਾਰ ਤੋਹਫੇ ’ਚ ਦਿਤੀ ਹੈ। ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਰੀਪੋਰਟ ਵਿਚ ਇਹ ਨਹੀਂ ਦਸਿਆ ਗਿਆ ਕਿ ਇਹ ਕਿਸ ਕਿਸਮ ਦੀ ਕਾਰ ਹੈ ਜਾਂ ਇਸ ਨੂੰ ਕਿਵੇਂ ਭੇਜਿਆ ਗਿਆ ਸੀ। ਹਾਲਾਂਕਿ, ਨਿਗਰਾਨਾਂ ਨੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦੇ ਉਸ ਮਤੇ ਦੀ ਉਲੰਘਣਾ ਹੋ ਸਕਦੀ ਹੈ ਜੋ ਉੱਤਰੀ ਕੋਰੀਆ ’ਤੇ ਅਪਣੇ ਪ੍ਰਮਾਣੂ ਹਥਿਆਰ ਛੱਡਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਵਿਚ ਲਗਜ਼ਰੀ ਚੀਜ਼ਾਂ ਦੀ ਸਪਲਾਈ ’ਤੇ ਪਾਬੰਦੀ ਲਗਾਉਂਦਾ ਹੈ।
‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ ਨੇ ਦਸਿਆ ਕਿ ਕਿਮ ਦੀ ਭੈਣ ਕਿਮ ਯੋ ਜੋਂਗ ਅਤੇ ਉੱਤਰੀ ਕੋਰੀਆ ਦੇ ਇਕ ਹੋਰ ਅਧਿਕਾਰੀ ਨੇ ਐਤਵਾਰ ਨੂੰ ਇਹ ਤੋਹਫ਼ਾ ਮਨਜ਼ੂਰ ਕੀਤਾ ਅਤੇ ਅਪਣੇ ਭਰਾ ਦੀ ਤਰਫੋਂ ਪੁਤਿਨ ਦਾ ਧੰਨਵਾਦ ਕੀਤਾ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕਿਮ ਯੋ ਜੋਂਗ ਨੇ ਕਿਹਾ ਕਿ ਇਹ ਤੋਹਫ਼ਾ ਨੇਤਾਵਾਂ ਵਿਚਾਲੇ ‘ਵਿਸ਼ੇਸ਼ ਨਿੱਜੀ ਰਿਸ਼ਤੇ’ ਨੂੰ ਦਰਸਾਉਂਦਾ ਹੈ।
ਪਿਛਲੇ ਸਾਲ ਸਤੰਬਰ ਵਿਚ ਪੁਤਿਨ ਨਾਲ ਸਿਖਰ ਸੰਮੇਲਨ ਲਈ ਕਿਮ ਦੀ ਰੂਸ ਯਾਤਰਾ ਤੋਂ ਬਾਅਦ ਉੱਤਰੀ ਕੋਰੀਆ ਅਤੇ ਰੂਸ ਨੇ ਅਪਣੇ ਸਹਿਯੋਗ ਵਿਚ ਮਹੱਤਵਪੂਰਨ ਵਾਧਾ ਕੀਤਾ ਹੈ। ਰੂਸ ਦੇ ਮੁੱਖ ਪੁਲਾੜ ਕੇਂਦਰ ਦੇ ਦੌਰੇ ਦੌਰਾਨ ਪੁਤਿਨ ਨੇ ਉੱਤਰੀ ਕੋਰੀਆ ਦੇ ਨੇਤਾ ਨੂੰ ਅਪਣੀ ਨਿੱਜੀ ਔਰਸ ਸੈਨੇਟ ਲਿਮੋਜ਼ਿਨ ਵਿਖਾ ਈ ਅਤੇ ਕਿਮ ਉਨ੍ਹਾਂ ਦੀ ਪਿਛਲੀ ਸੀਟ ’ਤੇ ਬੈਠੇ ਸਨ।
ਸਰਕਾਰੀ ਸਮਾਚਾਰ ਏਜੰਸੀ ਤਾਸ ਮੁਤਾਬਕ ਔਰਸ ਰੂਸ ਦਾ ਪਹਿਲਾ ਲਗਜ਼ਰੀ ਕਾਰ ਬ੍ਰਾਂਡ ਸੀ ਅਤੇ ਪੁਤਿਨ ਸਮੇਤ ਚੋਟੀ ਦੇ ਅਧਿਕਾਰੀਆਂ ਦੇ ਕਾਫਲੇ ’ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ 2018 ਤੋਂ ਪੁਤਿਨ ਦੇ ਕਾਫਲੇ ’ਚ ਕੀਤੀ ਜਾ ਰਹੀ ਹੈ।