
ਭਾਰਤ ਵਲੋਂ UK ਹਾਈ ਕਮਿਸ਼ਨ ਦਾ ਡਿਪਟੀ ਚੀਫ਼ ਤਲਬ
ਲੰਡਨ : ਲੰਡਨ ਵਿਖੇ ਭਾਰਤੀ ਹੈ ਕਮਿਸ਼ਨ ਦੇ ਬਾਹਰ ਕੁਝ ਗ਼ਰਮਖ਼ਿਆਲੀ ਸਮਰਥਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਰਤ ਦਾ ਤਿਰੰਗਾ ਝੰਡਾ ਵੀ ਉਤਾਰ ਦਿੱਤਾ ਗਿਆ ਅਤੇ ਉਨ੍ਹਾਂ ਵਲੋਂ ਆਪਣਾ ਝੰਡਾ ਲਹਿਰਾਇਆ ਗਿਆ।
ਜਾਣਕਾਰੀ ਅਨੁਸਾਰ ਵਿਦੇਸ਼ ਵਿਚ ਅਜਿਹੀ ਸਥਿਤੀ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਪੁਲਿਸ ਦੀ ਕਾਰਵਾਈ ਦੇ ਮੱਦੇਨਜ਼ਰ ਪੇਸ਼ ਆ ਰਹੀ ਹੈ। ਵਿਦੇਸ਼ਾਂ ਵਿਚ ਰਹਿੰਦੇ ਗ਼ਰਮਖ਼ਿਆਲੀ ਸਮਰਥਕਾਂ ਵਲੋਂ ਪੰਜਾਬ ਵਿਚ ਕੀਤੀ ਜਾ ਰਹੀ ਇਸ ਕਾਰਵਾਈ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਪ੍ਰਦਰਸ਼ਨ ਕੀਤਾ ਗਿਆ।
ਭਾਰਤ ਵਿਚ ਇੰਗਲੈਂਡ ਦੇ ਹਾਈ ਕਮਿਸ਼ਨਰ ਅਲੈਕਸ ਐਲਿਸ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਅਸਵੀਕਾਰਯੋਗ ਕਰਾਰ ਦਿੱਤਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਭਾਰਤ ਨੇ ਦਿੱਲੀ ਸਥਿਤ ਯੂ.ਕੇ. ਹਾਈ ਕਮਿਸ਼ਨ ਦੇ ਡਿਪਟੀ ਚੀਫ਼ ਨੂੰ ਤਲਬ ਕੀਤਾ ਹੈ ਅਤੇ ਲੰਡਨ ਵਿਖੇ ਪੇਸ਼ ਆਏ ਇਸ ਹਾਦਸੇ ਬਾਰੇ ਸਪਸ਼ਟੀਕਰਨ ਮੰਗਿਆ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫ਼ਤਾਰੀ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।