
ਬ੍ਰਿਟੇਨ 'ਚ ਹੋਣ ਜਾ ਰਿਹਾ ਹੈ ਐਮਰਜੈਂਸੀ ਅਲਰਟ ਸਿਸਟਮ ਦਾ ਟੈਸਟ
ਬ੍ਰਿਟੇਨ: ਬ੍ਰਿਟੇਨ ਵਿੱਚ ਅਗਲੇ ਮਹੀਨੇ ਇੱਕ ਨਵੀਂ ਜਨਤਕ ਚਿਤਾਵਨੀ ਪ੍ਰਣਾਲੀ ਦਾ ਪ੍ਰੀਖਣ ਕੀਤਾ ਜਾਵੇਗਾ, ਜਿਸ ਵਿੱਚ ਦੇਸ਼ ਭਰ ਦੇ ਮੋਬਾਈਲ ਫ਼ੋਨ ਉਪਭੋਗਤਾਵਾਂ ਨੂੰ ਸਾਇਰਨ ਵਰਗੀ ਚਿਤਾਵਨੀ ਭੇਜੀ ਜਾਵੇਗੀ।
ਇਸ ਦੇ ਸਫਲ ਪ੍ਰੀਖਣ ਤੋਂ ਬਾਅਦ, ਬ੍ਰਿਟੇਨ ਵਿੱਚ ਕਿਸੇ ਘਾਤਕ ਮੌਸਮੀ ਘਟਨਾ ਜਾਂ ਕੁਦਰਤੀ ਆਫ਼ਤ ਦੀ ਸਥਿਤੀ ਵਿੱਚ ਮੋਬਾਈਲ ਫੋਨਾਂ 'ਤੇ ਅਲਰਟ ਆਉਣਾ ਸ਼ੁਰੂ ਹੋ ਜਾਵੇਗਾ। ਯੂਕੇ ਸਰਕਾਰ ਵਲੋਂ ਇਸ ਦਾ ਐਲਾਨ ਕੀਤਾ ਗਿਆ ਹੈ।
ਸਰਕਾਰ ਨੇ ਕਿਹਾ ਕਿ ਨਵੀਂ ਐਮਰਜੈਂਸੀ ਅਲਰਟ ਦੀ ਬਹੁਤ ਘੱਟ ਵਰਤੋਂ ਕੀਤੀ ਜਾਵੇਗੀ। ਇਸ ਨੂੰ ਉਦੋਂ ਹੀ ਭੇਜਿਆ ਜਾਵੇਗਾ ਜਿੱਥੇ ਲੋਕਾਂ ਦੀ ਜਾਨ ਨੂੰ ਤੁਰੰਤ ਖ਼ਤਰਾ ਹੋਵੇ। ਤਾਂ ਜੋ ਉਥੋਂ ਦੇ ਲੋਕ ਸਮੇਂ ਸਿਰ ਸੰਭਾਵਿਤ ਖ਼ਤਰੇ ਤੋਂ ਸੁਚੇਤ ਹੋ ਜਾਣ। ਇਸ ਲਈ ਲੋਕਾਂ ਨੂੰ ਮਹੀਨਿਆਂ ਜਾਂ ਸਾਲਾਂ ਤੱਕ ਚਿਤਾਵਨੀਆਂ ਨਹੀਂ ਮਿਲ ਸਕਦੀਆਂ।
ਇਹ ਵੀ ਪੜ੍ਹੋ: ਪਿਛਲੇ ਸਾਲ ਦੇਸ਼ 'ਚ ਜ਼ਬਤ ਕੀਤਾ ਗਿਆ ਸਮਗਲਿੰਗ ਦਾ 3502 ਕਿਲੋ ਸੋਨਾ
ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਮਹੀਨੇ 23 ਅਪ੍ਰੈਲ ਦੀ ਸ਼ਾਮ ਨੂੰ ਯੂਕੇ ਭਰ ਵਿੱਚ ਚਿਤਾਵਨੀਆਂ ਦੀ ਇੱਕ ਅਜ਼ਮਾਇਸ਼ ਹੋਵੇਗੀ, ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨਾਂ 'ਤੇ ਇੱਕ ਟੈਸਟ ਸੁਨੇਹਾ ਪ੍ਰਾਪਤ ਹੋਵੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਭਾਵਿਤ ਘਟਨਾਵਾਂ ਦੀ ਸੂਚੀ 'ਚ ਅੱਤਵਾਦੀ ਅਲਰਟ ਵੀ ਜੋੜਿਆ ਜਾ ਸਕਦਾ ਹੈ। ਇਸ ਨੂੰ ਅਜੇ ਜੋੜਿਆ ਨਹੀਂ ਗਿਆ ਹੈ। ਜਨਤਕ ਚੇਤਾਵਨੀ ਪ੍ਰਣਾਲੀ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਦਫ਼ਤਰ ਦੇ ਮੰਤਰੀ ਓਲੀਵਰ ਡਾਊਡੇਨ ਨੇ ਕਿਹਾ ਕਿ ਅਸੀਂ ਹੜ੍ਹਾਂ ਤੋਂ ਲੈ ਕੇ ਜੰਗਲ ਦੀ ਅੱਗ ਤੱਕ ਦੇ ਖਤਰਿਆਂ ਨਾਲ ਨਜਿੱਠਣ ਲਈ ਚੇਤਾਵਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇਹ ਨਵਾਂ ਟੈਸਟ ਕਰ ਰਹੇ ਹਾਂ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਫੀ ਕਾਰਗਰ ਸਾਬਤ ਹੋਵੇਗਾ, ਨਾਲ ਹੀ ਇਸ ਨਾਲ ਬ੍ਰਿਟੇਨ ਨੂੰ ਕਾਫੀ ਮਦਦ ਮਿਲੇਗੀ।