
ਬਚਨ ਕੌਰ ਅਟਵਾਲ ਨੂੰ ਅਪਣੀ ਨੂੰਹ ਸੁਰਜੀਤ ਕੌਰ ਅਟਵਾਲ ਦੇ ਕਤਲ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ
ਲੰਡਨ : ਅਪਣੀ ਨੂੰਹ ਦਾ 25 ਸਾਲ ਪਹਿਲਾਂ ਕਥਿਤ ਤੌਰ ’ਤੇ ਝੂਠੀ ਸ਼ਾਨ ਲਈ ਕਤਲ ਕਰਨ ਦੇ ਮਾਮਲੇ ’ਚ 86 ਸਾਲਾ ਬ੍ਰਿਟਿਸ਼ ਸਿੱਖ ਔਰਤ ਨੂੰ 16 ਸਾਲ ਜੇਲ ਵਿਚ ਬੰਦ ਰਹਿਣ ਤੋਂ ਬਾਅਦ ਰਿਹਾਅ ਕਰ ਦਿਤਾ ਗਿਆ। ਬਚਨ ਕੌਰ ਅਟਵਾਲ ਨੂੰ ਅਪਣੀ ਨੂੰਹ ਸੁਰਜੀਤ ਕੌਰ ਅਟਵਾਲ ਦੇ ਕਤਲ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ।
ਬਚਨ ਕੌਰ ਨੇ 1998 ਵਿਚ ਸੁਰਜੀਤ ਕੌਰ ਨੂੰ ਭਾਰਤ ਸੱਦ ਕੇ ਇਸ ਘਟਨਾ ਨੂੰ ਅੰਜਾਮ ਦਿਤਾ ਸੀ। ‘ਦਿ ਸਨ’ ਅਖ਼ਬਾਰ ਮੁਤਾਬਕ ਇਸ ਹਫ਼ਤੇ ਪਤਾ ਚਲਿਆ ਕਿ ਪਿਛਲੇ ਸਾਲ ਅਗੱਸਤ ’ਚ ਮੁਲਜ਼ਮ ਮਹਿਲਾ ਨੂੰ ਰਿਹਾਅ ਕਰ ਦਿਤਾ ਗਿਆ ਹੈ।
ਅਖ਼ਬਾਰ ਮੁਤਾਬਕ ਜੱਜ ਗਿਲਜ਼ ਫਾਰੇਸਟਰ ਨੇ ਮਹਿਲਾ ਨੂੰ 20 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ ਪਰ ਪੇਰੋਲ ਬੋਰਡ ਨੇ ਸਿਫ਼ਾਰਸ਼ ਕੀਤੀ ਕਿ ਬਚਨ ਕੌਰ ਦੀ ਸਿਹਤ ਠੀਕ ਨਹੀਂ ਅਤੇ ਉਸ ਨੂੰ ਚਾਰ ਸਾਲ ਪਹਿਲਾਂ ਹੀ ਲਾਈਸੈਂਸ ’ਤੇ ਰਿਹਾਅ ਕਰ ਦੇਣਾ ਚਾਹੀਦਾ ਹੈ। ਮੁਲਜ਼ਮ ਮਹਿਲਾ ਨੂੰ ਕਤਲ ਦੀ ਸਾਜ਼ਸ਼ ਦੇ ਮਾਮਲੇ ’ਚ 2007 ਵਿਚ ਬੇਟੇ ਸੁਖਦੇਵ ਨਾਲ ਜੇਲ ਭੇਜਿਆ ਗਿਆ ਸੀ।