
ਰਈਸੀ ਦੇ ਨਾਲ ਹੈਲੀਕਾਪਟਰ 'ਚ ਸਵਾਰ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਿਆਨ ਦੀ ਵੀ ਮੌਤ ਦੀ ਸੂਚਨਾ ਦਿੱਤੀ ਗਈ ਹੈ।
Iran President News: ਤੇਹਰਾਨ - ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ IRNA ਨੇ ਇਹ ਐਲਾਨ ਕੀਤਾ ਹੈ। ਹਾਲਾਂਕਿ ਇਰਾਨ ਦੀ ਸਰਕਾਰ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਦੇਸ਼ ਵਿਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਰੈੱਡ ਕ੍ਰੀਸੈਂਟ ਨੇ ਕਿਹਾ ਕਿ ਹਾਦਸੇ ਵਿਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ।
ਰਈਸੀ ਦੇ ਨਾਲ ਹੈਲੀਕਾਪਟਰ 'ਚ ਸਵਾਰ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਿਆਨ ਦੀ ਵੀ ਮੌਤ ਦੀ ਸੂਚਨਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਹੈਲੀਕਾਪਟਰ ਦਾ ਮਲਬਾ ਅਜ਼ਰਬਾਈਜਾਨ ਦੀਆਂ ਪਹਾੜੀਆਂ ਤੋਂ ਮਿਲਿਆ ਸੀ। ਇਸ ਵਿਚ ਰਾਸ਼ਟਰਪਤੀ ਰਈਸੀ ਸਮੇਤ 9 ਲੋਕ ਸਨ। ਹੈਲੀਕਾਪਟਰ ਐਤਵਾਰ ਸ਼ਾਮ ਕਰੀਬ 7 ਵਜੇ ਅਜ਼ਰਬਾਈਜਾਨ ਨੇੜੇ ਲਾਪਤਾ ਹੋ ਗਿਆ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ 'ਚ ਭਾਰੀ ਬਰਸਾਤ, ਧੁੰਦ ਅਤੇ ਠੰਢ ਕਾਰਨ ਤਲਾਸ਼ 'ਚ ਮੁਸ਼ਕਲਾਂ ਆਈਆਂ। ਇਸ ਦੌਰਾਨ ਤਿੰਨ ਬਚਾਅ ਕਰਮਚਾਰੀ ਵੀ ਲਾਪਤਾ ਹੋ ਗਏ।
ਰਾਸ਼ਟਰਪਤੀ ਰਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਤੋਂ ਇਲਾਵਾ, ਹੈਲੀਕਾਪਟਰ ਵਿਚ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਗਵਰਨਰ ਮਲਿਕ ਰਹਿਮਤੀ, ਤਬਰੀਜ਼ ਦੇ ਇਮਾਮ ਮੁਹੰਮਦ ਅਲੀ ਅਲੀਹਾਸ਼ੇਮ, ਇੱਕ ਪਾਇਲਟ, ਸਹਿ-ਪਾਇਲਟ, ਚਾਲਕ ਦਲ ਦੇ ਮੁਖੀ, ਸੁਰੱਖਿਆ ਮੁਖੀ ਅਤੇ ਬਾਡੀਗਾਰਡ ਸਵਾਰ ਸਨ। ਈਰਾਨ ਦੇ ਸਰਕਾਰੀ ਮੀਡੀਆ IRNA ਦੇ ਅਨੁਸਾਰ, ਰਈਸੀ 19 ਮਈ ਦੀ ਸਵੇਰ ਨੂੰ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਇੱਕ ਡੈਮ ਦਾ ਉਦਘਾਟਨ ਕਰਨ ਗਏ ਸਨ। ਵਾਪਸ ਪਰਤਦੇ ਸਮੇਂ ਇਹ ਹਾਦਸਾ ਅਜ਼ਰਬਾਈਜਾਨ ਦੀ ਸਰਹੱਦ ਨੇੜੇ ਈਰਾਨ ਦੇ ਵਰਜ਼ੇਘਾਨ ਸ਼ਹਿਰ ਵਿਚ ਵਾਪਰਿਆ।