
ਪਰਿਵਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ
World Oldest Person Dies: ਦੁਨੀਆ ਦੀ ਸਭ ਤੋਂ ਬਜ਼ੁਰਗ ਮੰਨੀ ਜਾਂਦੀ ਅਮਰੀਕੀ ਮੂਲ ਦੀ ਸਪੈਨਿਸ਼ ਮਾਰੀਆ ਬ੍ਰੈਨਿਆਸ ਮੋਰੇਰਾ ਦਾ 117 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਬ੍ਰੈਨਿਆਸ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ।
ਬ੍ਰੈਨਿਆਸ ਦੇ 'ਐਕਸ' ਅਕਾਉਂਟ 'ਤੇ ਉਨ੍ਹਾਂ ਦੇ ਪਰਿਵਾਰ ਨੇ ਲਿਖਿਆ: ਮਾਰੀਆ ਬ੍ਰੈਨਿਆਸ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੀ ਗਈ ਹੈ। ਉਹ ਜਿਸ ਤਰ੍ਹਾਂ ਜਾਣਾ ਚਾਹੁੰਦੀ ਸੀ ,ਵੈਸੇ ਹੀ ਚਲੀ ਗਈ ਹੈ। ਬਿਲਕੁੱਲ ਸ਼ਾਂਤ, ਸਦੀਵੀ ਨੀਂਦ ਵਿੱਚ ਅਤੇ ਬਿਨਾਂ ਕਿਸੇ ਦਰਦ ਦੇ।”
ਜੈਰੋਨਟੋਲੋਜੀ ਰਿਸਰਚ ਗਰੁੱਪ ਨੇ ਪਿਛਲੇ ਸਾਲ ਹੋਈ ਫ੍ਰੈਂਚ ਨਨ ਲੂਸੀਲ ਰੈਂਡਨ ਦੀ ਮੌਤ ਤੋਂ ਬਾਅਦ ਬ੍ਰੈਨਿਆਸ ਨੂੰ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਦੱਸਿਆ ਗਿਆ ਹੈ। ਇਹ ਸਮੂਹ 110 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਵੇਰਵਿਆਂ ਨੂੰ ਪ੍ਰਮਾਣਿਤ ਕਰਦਾ ਹੈ।
ਬ੍ਰੈਨਿਆਸ ਦਾ ਜਨਮ 4 ਮਾਰਚ, 1907 ਨੂੰ ਸੈਨ ਫਰਾਂਸਿਸਕੋ ਵਿੱਚ ਹੋਇਆ ਸੀ। ਜਦੋਂ ਉਹ ਛੋਟੀ ਸੀ ਤਾਂ ਉਸਦਾ ਪਰਿਵਾਰ ਸਪੇਨ ਵਾਪਸ ਆ ਗਿਆ ਸੀ। ਆਪਣੀ ਮੌਤ ਦੇ ਸਮੇਂ ਬ੍ਰੈਨਿਆਸ ਕੈਟਲਨ ਸੂਬੇ ਦੇ ਓਲੋਟ ਸ਼ਹਿਰ ਵਿੱਚ ਇੱਕ ਨਰਸਿੰਗ ਹੋਮ ਵਿੱਚ ਸੀ।