
A. R. Rahman News : ਵੱਖ ਹੋਣ ਬਾਰੇ ਭਾਵੁਕ ਹੋਏ ਰਹਿਮਾਨ, 1995 ’ਚ ਹੋਇਆ ਸੀ ਵਿਆਹ
A. R. Rahman News : ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਵਿਆਹ ਤੋਂ 29 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਲਿਆ ਹੈ। ਮੰਗਲਵਾਰ 19 ਨਵੰਬਰ ਨੂੰ ਦੋਵਾਂ ਦੀ ਵਕੀਲ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਤਲਾਕ ਦੇ ਮਾਮਲਿਆਂ ਨਾਲ ਜੁੜੇ ਹੋਏ ਮਸ਼ਹੂਰ ਵਕੀਲ ਵੰਦਨਾ ਸ਼ਾਹ ਨੇ ਦੋਹਾਂ ਵੱਲੋਂ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਰਿਸ਼ਤੇ 'ਚ 'ਭਾਵਨਾਤਮਕ ਤਣਾਅ' ਕਾਰਨ ਦੋਵਾਂ ਨੇ ਇਹ ਔਖਾ ਫ਼ੈਸਲਾ ਲਿਆ ਹੈ।
ਬਿਆਨ 'ਚ ਵਕੀਲ ਨੇ ਕਿਹਾ ਕਿ, ''ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਅਤੇ ਉਨ੍ਹਾਂ ਦੇ ਪਤੀ ਏ. ਆਰ. ਰਹਿਮਾਨ ਨੇ ਇੱਕ-ਦੂਜੇ ਤੋਂ ਅਲੱਗ ਹੋਣ ਦਾ ਮੁਸ਼ਕਲ ਫ਼ੈਸਲਾ ਲਿਆ ਹੈ। ਦੋਵਾਂ ਨੇ ਆਪਣੇ ਰਿਸ਼ਤੇ 'ਚ ਭਾਵਨਾਤਮਕ ਤਣਾਅ ਕਾਰਨ ਇਸ ਦਿਸ਼ਾ ਵਿੱਚ ਸੋਚਿਆ ਹੈ।”
ਵਕੀਲ ਵੰਦਨਾ ਸ਼ਾਹ ਨੇ ਕਿਹਾ, ''ਇੱਕ-ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ ਉਨ੍ਹਾਂ ਦੇ ਰਿਸ਼ਤੇ 'ਚ ਤਣਾਅ ਸੀ। ਮੁਸ਼ਕਿਲਾਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਦੂਰੀ ਨੂੰ ਪਾਰ ਕਰਨਾ ਅਸੰਭਵ ਹੋ ਗਿਆ ਸੀ। ਹੁਣ ਦੋਵਾਂ ਵਿੱਚੋਂ ਕੋਈ ਵੀ ਦੂਰੀ ਨੂੰ ਘੱਟ ਕਰਨ ਦੀ ਸਮਰੱਥਾ ਨਹੀਂ ਰੱਖਦਾ ਸੀ।”
ਏਆਰ ਰਹਿਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਹਿਮਾਨ ਨੇ ਲਿਖਿਆ, “ਸਾਨੂੰ ਉਮੀਦ ਸੀ ਵਿਆਹ ਦੇ 30 ਸ਼ਾਨਦਾਰ ਸਾਲ ਇਕੱਠੇ ਰਹਾਂਗੇ ਪਰ ਅਜਿਹਾ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਦਾ ਇੱਕ ਅਦਿੱਖ ਅੰਤ ਹੁੰਦਾ ਹੈ।” “ਟੁੱਟੇ ਦਿਲਾਂ ਦੇ ਭਾਰ ਹੇਠ ਰੱਬ ਦਾ ਸਿੰਘਾਸਣ ਵੀ ਹਿੱਲ ਜਾਂਦਾ ਹੈ। ਫਿਰ ਵੀ ਇਨ੍ਹਾਂ ਟੁਕੜਿਆਂ ਵਿੱਚ ਅਸੀਂ ਆਪਣੇ ਅਰਥਾਂ ਦੀ ਭਾਲ ਕਰਦੇ ਹਾਂ, ਭਾਵੇਂ ਟੁਕੜੇ ਕਦੇ ਵੀ ਦੁਬਾਰਾ ਆਪਣੀ ਥਾਂ ਨਹੀਂ ਮਿਲਦੇ।”
ਉਨ੍ਹਾਂ ਨੇ ਪੋਸਟ ’ਚ ਲਿਖਿਆ, “ਅਸੀਂ ਆਪਣੇ ਦੋਸਤਾਂ ਦੇ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਦੀ ਹਮਦਰਦੀ ਇਸ ਔਖੇ ਦੌਰ ’ਚੋਂ ਗੁਜ਼ਰਦਿਆਂ ਸਾਡੇ ਨਾਲ ਰਹੀ ਤੇ ਉਨ੍ਹਾਂ ਨੇ ਸਾਡੀ ਨਿੱਜਤਾ ਦਾ ਵੀ ਸਤਿਕਾਰ ਕੀਤਾ।”
ਇੱਕ ਰਿਪੋਰਟਰ ਮੁਤਾਬਕ ਸਾਇਰਾ ਬਾਨੋ ਨੇ ਪਹਿਲਾਂ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਅਤੇ ਬਾਅਦ ਵਿੱਚ ਦੋਵਾਂ ਦਾ ਸਾਂਝਾ ਬਿਆਨ ਆਇਆ। ਬਿਆਨ 'ਚ ਸਾਇਰਾ ਅਤੇ ਰਹਿਮਾਨ ਨੇ ਕਿਹਾ ਹੈ ਕਿ ਵੱਖ ਹੋਣ ਦਾ ਫ਼ੈਸਲਾ ਦਰਦ ਅਤੇ ਤਕਲੀਫ਼ ਨਾਲ ਭਰਿਆ ਸੀ। ਸਾਇਰਾ ਬਾਨੋ ਅਤੇ ਏਆਰ ਰਹਿਮਾਨ ਦਾ ਵਿਆਹ 1995 ਵਿੱਚ ਹੋਇਆ ਸੀ। ਦੋਵਾਂ ਦੇ ਤਿੰਨ ਬੱਚੇ ਦੋ ਧੀਆਂ ਖਤੀਜਾ ਅਤੇ ਰਹੀਮਾ ਤੇ ਇੱਕ ਬੇਟਾ ਅਮੀਨ ਹਨ ।
ਪੁੱਤ ਨੇ ਕੀਤੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ
ਏਆਰ ਰਹਿਮਾਨ ਤੇ ਸਾਇਰਾ ਬਾਨੋ ਦੇ ਬੇਟੇ ਅਮੀਨ ਨੇ ਆਪਣੇ ਮਾਪਿਆਂ ਦੀ ਤਲਾਕ ਸਬੰਧੀ ਇੱਕ ਇੰਸਟਾਗ੍ਰਾਮ ਸਟੋਰੀ ਪਾਈ ਹੈ। ਉਨ੍ਹਾਂ ਲਿਖਿਆ, ''ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੁਸ਼ਕਲ ਸਮੇਂ 'ਚ ਸਾਡੀ ਨਿੱਜਤਾ ਦਾ ਸਨਮਾਨ ਕਰੋ। ਇਸ ਨੂੰ ਸਮਝਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।”
ਏ. ਆਰ. ਰਹਿਮਾਨ ਤੇ ਸਾਇਰਾ ਬਾਨੋ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਨ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਇਸ ਮੁਸ਼ਕਲ ਦੌਰ ਤੋਂ ਬਾਹਰ ਨਿਕਲ ਸਕਣ।
(For more news apart fromA. R. Rahman divorced his wife Saira Bano, separated after 29 years of marriage News in Punjabi, stay tuned to Rozana Spokesman)