
ਵੱਡੀ ਗਿਣਤੀ ਵਿਚ ਖ਼ਤਰਨਾਕ ਹਥਿਆਰ ਵੀ ਹੋਏ ਬਰਾਮਦ
ਲੜਾਈ ਵਿਚ ਸ਼ਾਮਲ ਸਨ 30 ਵਿਅਕਤੀ: ਪੀਲ ਰੀਜਨਲ ਪੁਲਿਸ
ਬਰੈਂਪਟਨ : ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਸ਼ਹਿਰ ਵਿਚ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 30 ਵਿਅਕਤੀਆਂ ਵਿਚਾਲੇ ਲੜਾਈ ਹੋਈ ਅਤੇ ਇਸ ਦੌਰਾਨ ਖ਼ਤਰਨਾਕ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 4 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਖ਼ਤਰਨਾਕ ਹਥਿਆਰ ਵੀ ਬਰਾਮਦ ਹੋਏ ਹਨ।
ਸਥਾਨਕ ਪੁਲਿਸ ਵਲੋਂ ਮਿਲੇ ਵੇਰਵਿਆਂ ਅਨੁਸਾਰ ਇਹ ਲੜਾਈ ਸੋਮਵਾਰ ਦੁਪਹਿਰ ਨੂੰ ਬਰੈਂਪਟਨ 'ਚ ਹੋਈ ਜਿਥੇ ਲਗਭਗ 30 ਵਿਅਕਤੀ ਆਪਸ ਵਿਚ ਭਿੜੇ ਹਨ ਅਤੇ ਉਹਨਾਂ ਕੋਲ ਕਈ ਹਥਿਆਰ ਸਨ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਰਾਤ 12:15 ਵਜੇ ਦੇ ਕਰੀਬ ਡਿਊਸਾਈਡ ਡਰਾਈਵ ਅਤੇ ਬ੍ਰਾਮਲੇਆ ਰੋਡ ਦੇ ਖੇਤਰ ਵਿੱਚ ਵਾਪਰੀ ਹੈ। ਇਸ ਤੋਂ ਇਲਾਵਾ ਪੁਲਿਸ ਵਲੋਂ ਸ਼ੱਕੀਆਂ ਬਾਰੇ, ਲੜਾਈ ਦੇ ਕਾਰਨਾਂ ਜਾਂ ਕੋਈ ਜ਼ਖ਼ਮੀ ਹੋਣ ਬਾਰੇ ਕੋਈ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ।
ਖਦਸ਼ਾ ਹੈ ਕਿ ਇਹ ਦੋ ਗਰੁੱਪਾਂ ਦਰਮਿਆਨ ਗੈਂਗਵਾਰ ਸੀ, ਜਿਸ ਵਿਚ ਪੁਲਸ ਨੇ ਵੱਡੀ ਗਿਣਤੀ ਵਿਚ ਖਤਰਨਾਕ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਹਥਿਆਰਾਂ ਦੀ ਕਿਸਮ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਨੇ ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਵਾਰਦਾਤ ਸਮੇਂ ਕਿਸੇ ਨੇ ਘਟਨਾ ਨੂੰ ਕੈਮਰੇ ਵਿਚ ਕੈਦ ਕੀਤਾ ਹੋਵੇ ਤਾਂ ਉਹ ਪੁਲਿਸ ਨਾਲ ਇਸ ਦੀ ਤਫ਼ਸੀਲ ਜ਼ਰੂਰ ਸਾਂਝੀ ਕਰੇ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।