ਜੂਨ ਮਹੀਨੇ 13 ਮੈਚ ਖੇਡੇ ਜਾਣਗੇ, ਟੂਰਿਸਟ ਵੀਜ਼ੇ ਲਈ ਪੁਰਾਣੀ ਨੀਤੀ ਲਾਗੂ ਰਹੇਗੀ
ਚੰਡੀਗੜ੍ਹ : ਕੈਨੇਡਾ ਸਥਿਤ ਟਰਾਂਟੋ ਤੇ ਵੈਨਕੂਵਰ ਤੋਂ ਛਪੀਆਂ ਖ਼ਬਰਾਂ ਵਿਚ ਉਥੋਂ ਦੀ ਸਰਕਾਰ ਨੇ ਵੀਜ਼ਾ ਲਈ ਅਰਜ਼ੀਕਰਤਾਵਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਇਸ ਸਾਲ ਵਿਚ ਵਿਸ਼ਵ ਫੁੱਟਬਾਲ ਕੱਪ ਦੇ ਜੂਨ ਮਹੀਨੇ ਹੋਣ ਵਾਲੇ 13 ਮੈਚਾਂ ਦੇ ਦਰਸ਼ਕਾਂ ਲਈ ਕੋਈ ਵਿਸ਼ੇਸ਼ ਵੀਜ਼ੇ ਜਾਰੀ ਨਹੀਂ ਕੀਤੇ ਜਾ ਰਹੇ ਅਤੇ ਫੁੱਟਬਾਲ ਮੈਚਾਂ ਦੇ ਸ਼ੌਕੀਨ ਕਿਸੀ ਵੀ ਤਰ੍ਹਾਂ ਧੋਖੇਬਾਜ਼ ਏਜੰਟਾਂ ਦੇ ਝਾਂਸੇ ਵਿਚ ਆ ਕੇ ਆਪਣ ਸਮਾਂ ਅਤੇ ਪੈਸਾ ਖ਼ਰਾਬ ਨਾ ਕਰਨ। ਸਰਕਾਰ ਦੇ ਇਮੀਗਰੇਸ਼ਨ, ਰਿਫ਼ਿਊਜ਼ੀ, ਨਾਗਰਿਕ ਕੈਨੇਡਾ ਮਹਿਕਮੇ ਨੇ ਇਹ ਵੀ ਕਿਹਾ ਹੈ ਕਿ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਬਹੁਤੇ ਨਕਲੀ ਤੇ ਧੋਖੇਬਾਜ਼ ਗ਼ੈਰ ਕਾਨੂੰਨੀ ਏਜੰਟ ਫੁੱਟਬਾਲ ਮੈਚਾਂ ਦੇ ਚਾਹਵਾਨਾਂ ਨੂੰ ਨਕਲੀ ਸੰਦੇਸ਼ ਤੇ ਇਸ਼ਤਿਹਾਰਾਂ ਰਾਹੀਂ ਭਰਮਾਉਣ ਵਿਚ ਲੱਗੇ ਹਨ ਤੇ ਕਹਿ ਰਹੇ ਹਨ ਕਿ ਕੈਨੇਡਾ ਨੇ ਫੁੱਟਬਾਲ ਕੱਪ ਦੇਖਣ ਵਾਲਿਆਂ ਲਈ ਨਵੀਂ ਨੀਤੀ ਤਹਿਤ ਵਿਸ਼ੇਸ਼ ਤੌਰ ’ਤੇ ਢਿੱਲ ਦੇ ਦਿਤੀ ਹੈ ਅਤੇ ਸ਼ਰਤਾਂ ਲਈ ਨਰਮੀ ਵਰਤਣੀ ਹੈ। ਚੰਡੀਗੜ੍ਹ, ਜਲੰਧਰ ਤੇ ਹੋਰ ਸ਼ਹਿਰਾਂ ਦਾ ਹਵਾਲਾ ਦਿੰਦਿਆਂ ਕੈਨੇਡਾ ਦੇ ਆਈ.ਆਰ.ਸੀ.ਸੀ. ਮਹਿਕਮੇ ਨੇ ਸਖ਼ਤ ਚਿਤਾਵਨੀ ਦਿਤੀ ਹੈ ਕਿ ਸੈਲਾਨੀਆਂ ਵਾਸਤੇ ਟੂਰਿਸਟ ਵੀਜ਼ੇ ਵਾਸਤੇ ਪੁਰਾਣੇ ਨਿਯਮ ਅਤੇ ਨੀਤੀ ਹੀ ਲਾਗੂ ਰਹੇਗੀ ਅਤੇ ਏਜੰਟਾਂ ਵਲੋਂ ਛਾਪੇ ਗਏ ਇਸ਼ਤਿਹਾਰ ਸੱਚ ਨਹੀਂ ਹਨ। ਕੈਨੇਡਾ ਸਰਕਾਰ ਨੇ ਸਪੱਸ਼ਟ ਕਿਹਾ ਹੈ ਕਿ ਨਾ ਤਾਂ ਟੂਰਿਸਟ ਵੀਜ਼ੇ ’ਤੇ ਕੋਈ ਕੰਮ ਮਿਲੇਗਾ ਅਤੇ ਨਾ ਹੀ ਵੀਜ਼ੇ ਵਿਚ ਕੋਈ ਵਾਧਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਏਜੰਟ, ਵੀਜ਼ਾ ਅਰਜ਼ੀਕਰਤਾਵਾਂ ਨੂੰ ਇਹ ਵੀ ਲਾਰਾ ਲਗਾ ਰਹੇ ਹਨ ਕਿ ਇਕ ਵਾਰ ਕੈਨੇਡਾ ਪਹੁੰਚ ਕੇ ਮੈਚ ਦੇਖਣ ਉਪਰੰਤ ਛੁਪਿਆ ਜਾ ਸਕਦਾ ਹੈ ਫਿਰ ਰਿਫ਼ਿਊਜ਼ੀ ਜਾਂ ਸ਼ਰਨਾਰਥੀ ਵਾਸਤੇ ਅਰਜ਼ੀ ਪਾਈ ਜਾ ਸਕਦੀ ਹੈ। ਕੈਨੇਡਾ ਸਰਕਾਰ ਦੇ ਇਸ ਮਹਿਕਮੇ ਨੇ ਤਾੜਨਾ ਕੀਤੀ ਹੈ ਕਿ ਨਿਯਮਾਂ ਦੀ ਕੁਤਾਹੀ ਕਰਨ ਵਾਲੇ ਟੂਰਿਸਟਾਂ ਨੂੰ ਫੜ ਕੇ ਡਿਪੋਰਟ ਕਰਨ ਦੇ ਨਾਲ ਨਾਲ ਭਾਰੀ ਜੁਰਮਾਨਾ ਤੇ ਸਜ਼ਾ ਵੀ ਦਿਤੀ ਜਾਵੇਗੀ। ਕੈਨੇਡਾ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਵਿਸ਼ਵ ਫੁੱਟਬਾਲ ਕੱਪ ਦੇ 13 ਮੈਚਾਂ ਵਾਸਤੇ ਸਪੈਸ਼ਲ ਵੀਜ਼ੇ ਕੇਵਲ ਫੀਫਾ ਸਟਾਫ਼ ਤੇ ਵਿਸ਼ੇਸ਼ ਇਨਵਾਈਟੀਜ਼ ਯਾਨੀ ਵਿਸ਼ਵ ਪੱਧਰ ਦੇ ਫੁੱਟਬਾਲਰਾਂ ਨੂੰ ਹੀ ਜਾਰੀ ਕੀਤੇ ਜਾਣਗੇ। ਟੋਰਾਂਟੋ ਸਥਿਤ ਇਕ ਪੰਜਾਬੀ ਏਜੰਟ ਨੇ ਦਸਿਆ ਕਿ ਧੋਖਾ ਇਸ ਤਰ੍ਹਾਂ ਕਹਿ ਕੇ ਵੀ ਕੀਤਾ ਜਾ ਰਿਹਾ ਹੈ ਕਿ ਅਰਜ਼ੀਕਰਤਾ ਨੂੰ ਕਿਸੇ ਵੀ ਸਪਾਂਸਰ ਯਾਨੀ ਸੰਭਾਲਣ ਵਾਲਾ ਜਾਂ ਕਰੀਬੀ ਰਿਸ਼ਤੇਦਾਰ ਵਲੋਂ ਸਰਟੀਫ਼ੀਕੇਟ ਦੇਣ ਦੀ ਜ਼ਰੂਰਤ ਨਹੀਂ ਹੈ।
ਆਈ.ਆਰ.ਸੀ.ਸੀ. ਵਿਭਾਗ ਨੇ ਇਸ ਬਾਰੇ ਵੀ ਸਪੱਸ਼ਟ ਕੀਤਾ ਹੈ ਕਿ ਵਿਸ਼ਵ ਫੁੱਟਬਾਲ ਕੱਪ ਲਈ ਕੈਨੇਡਾ ਵਿਚ ਕਰਵਾਏ ਜਾ ਰਹੇ ਮੈਚ ਕਿਸੇ ਵੀ ਤਰ੍ਹਾਂ ਵੀਜ਼ਾ ਵਾਸਤੇ ਵਿਦੇਸ਼ੀਆਂ ਲਈ ਨਰਮੀ ਵਰਤਣਯੋਗ ਹਨ। ਮਹਿਕਮੇ ਨੇ ਹੋਰ ਤਾੜਨਾ ਇਹ ਵੀ ਕੀਤੀ ਕਿ ਧੋਖੇਬਾਜ਼ ਏਜੰਟਾਂ ਤੋਂ ਬਚੋ ਅਤੇ ਵੀਜ਼ਾ ਵਾਸਤੇ ਠੀਕ ਠਾਕ ਜਾਣਕਾਰੀ ਦਿਉ ਨਹੀਂ ਤਾਂ ਝੂਠੀ ਸੂਚਨਾ ਦੇਣ ਵਾਲੇ ’ਤੇ 5 ਸਾਲ ਵਾਸਤੇ ਪਾਬੰਦੀ ਲਗਾਈ ਜਾਵੇਗੀ। ਜਲੰਧਰ, ਹੁਸ਼ਿਆਰਪੁਰ, ਬਠਿੰਡਾ, ਮੋਗਾ ਅਤੇ ਹੋਰ ਸ਼ਹਿਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਰਾਰਤੀ ਤੇ ਧੋਖੇਬਾਜ਼ ਏਜੰਟ ਇਸ ਕਾਰਨ ਵੀ ਕੈਨੇਡਾ ਵਿਚ ਜੂਨ ਮਹੀਨੇ ਵਿਚ ਹੋਣ ਵਾਲੇ ਫੀਫਾ ਫੁੱਟਬਾਲ ਮੈਚਾਂ ਦੇ ਵੀਜ਼ਾ ਵਾਸਤੇ ਗ਼ਲਤ ਵੇਰਵਾ ਦੇ ਰਹੇ ਹਨ ਕਿਉਂਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਹੋਰ ਦੇਸ਼ਾਂ ਨੇ ਪਿਛਲੇ 2 ਸਾਲਾਂ ਤੋਂ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਕੰਪਨੀਆਂ ਵਿਚ ਨੌਕਰੀ ਵੀਜ਼ਾ ਅਤੇ ਕਈ ਤਕਨੀਕੀ ਵੀਜ਼ਿਆਂ ਸਬੰਧੀ ਸ਼ਰਤਾਂ ਵਿਚ ਸਖ਼ਤੀ ਕੀਤੀ ਹੋਈ ਹੈ ਅਤੇ ਏਜੰਟਾਂ ਦਾ ਕਾਰੋਬਾਰ ਠੱਪ ਪਿਆ ਹੈ।
