
2019 'ਚ ਅਮਰੀਕੀਆਂ ਦੀ ਔਸਤਨ ਉਮਰ 78.8 ਸਾਲ ਦੇ ਮੁਕਾਬਲੇ 2020 ਵਿਚ ਘਟ ਕੇ 77.8 ਸਾਲ 'ਤੇ ਪਹੁੰਚਿਆ
ਵਾਸ਼ਿੰਗਟਨ : ਕਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਹਰ ਖੇਤਰ 'ਤੇ ਆਪਣਾ ਪ੍ਰਭਾਵ ਪਾਇਆ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਪਿਆ ਹੈ। ਅਮਰੀਕਾ ਵਿਚ ਇਕ ਸੰਸਥਾ ਦੇ ਖੁਲਾਸੇ ਮੁਤਾਬਕ ਕਰੋਨਾ ਕਾਲ ਦਾ ਅਮਰੀਕੀਆਂ ਦੀ ਉਮਰ 'ਤੇ ਖਾਸ ਅਸਰ ਵੇਖਣ ਨੂੰ ਮਿਲ ਰਿਹਾ ਹੈ। ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟੀਸਟੀਕਸ ਦੀ ਹਾਲ ਹੀ ਦੀ ਰਿਪੋਰਟ ਮੁਤਾਬਕ ਕੋਰੋਨਾ ਕਾਲ 'ਚ ਅਮਰੀਕੀਆਂ ਦੀ ਉਮਰ ਔਸਤਨ ਇਕ ਸਾਲ ਤਕ ਘੱਟ ਗਈ ਹੈ।
Corona
ਰਿਪੋਰਟ ਮੁਤਾਬਕ 2019 'ਚ ਅਮਰੀਕੀਆਂ ਦੀ ਔਸਤਨ ਉਮਰ 78.8 ਸਾਲ ਦਰਜ ਕੀਤੀ ਗਈ ਸੀ। 2020 ਦੀ ਪਹਿਲੀ ਛਮਾਹੀ 'ਚ ਇਹ ਅੰਕੜਾ ਘਟ ਕੇ 77.8 ਸਾਲ 'ਤੇ ਪਹੁੰਚ ਗਿਆ। ਇਸ ਨੂੰ 1940 ਦੇ ਦਹਾਕੇ ਤੋਂ ਬਾਅਦ ਅਮਰੀਕੀਆਂ ਦੀ ਔਸਤਨ ਜੀਵਨ ਸੰਭਾਵਨਾ 'ਚ ਸਭ ਤੋਂ ਵੱਡੀ ਕਮੀ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਅਮਰੀਕਾ 'ਚ ਕੋਰੋਨਾ ਦਾ ਕਹਿਰ ਵਧਣ 'ਤੇ ਗੈਰ-ਗੋਰਿਆਂ ਦੀ ਉਮਰ 'ਚ ਸਭ ਤੋਂ ਵਧੇਰੇ 2.7 ਸਾਲ ਦੀ ਗਿਰਾਵਟ ਰਿਕਾਰਡ ਕੀਤੀ ਗਈ।
Corona
2019 'ਚ ਗੈਰ-ਗੋਰਿਆਂ ਦੀ ਔਸਤਨ ਉਮਰ ਜਿਥੇ 74.7 ਸਾਲ ਸੀ ਉਥੇ, 2020 ਦੀ ਪਹਿਲੀ ਛਮਾਹੀ 'ਚ ਇਹ ਘਟ ਕੇ 72 ਸਾਲ 'ਤੇ ਪਹੁੰਚ ਗਈ। ਹਿਸਪੈਨਿਕ ਸਮੂਹ ਦੀ ਗੱਲ ਕਰੀਏ ਤਾਂ 2020 'ਚ ਉਸ 'ਚ ਸ਼ਾਮਲ ਲੋਕਾਂ ਦੀ ਔਸਤਨ ਜੀਵਨ ਸੰਭਾਵਨਾ 2019 ਦੇ 81.8 ਸਾਲ ਤੋਂ 1.9 ਸਾਲ ਘਟ ਕੇ 79.9 ਸਾਲ ਹੋ ਗਈ। ਉਥੇ, ਗੋਰੇ ਸਮੂਹ ਦੀ ਔਸਤਨ ਉਮਰ 2019 'ਚ 78.8 ਸਾਲ ਦਰਜ ਕੀਤੀ ਗਈ ਸੀ।
Corona Vaccine
2020 ਦੀ ਪਹਿਲੀ ਛਮਾਹੀ 'ਚ ਇਹ 78 ਸਾਲ ਹੋ ਗਈ। ਕੋਰੋਨਾ ਕਾਲ 'ਚ ਅਮਰੀਕਾ 'ਚ ਗੋਰੇ ਅਤੇ ਗੈਰ-ਗੋਰੇ ਸਮੂਹ ਦੇ ਲੋਕਾਂ ਦੀ ਔਸਤਨ ਜੀਵਨ ਸੰਭਾਵਨਾ 'ਚ ਮੌਜੂਦਾ ਫਾਸਲਾ ਵਧ ਕੇ 6 ਸਾਲ ਹੋ ਗਿਆ। ਇਹ ਅੰਕੜਾ ਸਾਲ 2019 ਤੋਂ 46 ਫੀਸਦੀ ਵਧੇਰੇ ਹੈ। 1998 ਤੋਂ ਬਾਅਦ ਤੋਂ ਇਸ ਨੂੰ ਦੋਵਾਂ ਸਮੂਹਾਂ ਦੀ ਔਸਤਨ ਉਮਰ 'ਚ ਆਇਆ ਸਭ ਤੋਂ ਵੱਡਾ ਫਰਕ ਦੱਸਿਆ ਜਾ ਰਿਹਾ ਹੈ।