
ਵਾਲਵਰ ਹੈਮਪਟਨ ਯੂਨੀਵਰਸਿਟੀ ਨੇ ਬੀਤੇ ਹਫ਼ਤੇ ਸਿੱਖ ਅਤੇ ਪੰਜਾਬੀ ਭਾਸ਼ਾ ਦੇ ਅਧਿਐਨ ਲਈ ਇਕ ਨਵਾਂ ਕੇਂਦਰ ਸ਼ੁਰੂ ਕੀਤਾ। ਇਹ ਬ੍ਰਿਟੇਨ ਵਿਚ ਅਪਣੀ ਤਰ੍ਹਾਂ ਦਾ ਪਹਿਲਾ ਕੇਂਦਰ
ਲੰਡਨ : ਵਾਲਵਰ ਹੈਮਪਟਨ ਯੂਨੀਵਰਸਿਟੀ ਨੇ ਬੀਤੇ ਹਫ਼ਤੇ ਸਿੱਖ ਅਤੇ ਪੰਜਾਬੀ ਭਾਸ਼ਾ ਦੇ ਅਧਿਐਨ ਲਈ ਇਕ ਨਵਾਂ ਕੇਂਦਰ ਸ਼ੁਰੂ ਕੀਤਾ। ਇਹ ਬ੍ਰਿਟੇਨ ਵਿਚ ਅਪਣੀ ਤਰ੍ਹਾਂ ਦਾ ਪਹਿਲਾ ਕੇਂਦਰ ਹੋਵੇਗਾ। ਇਹ ਕੇਂਦਰ ਸਿੱਖ ਅਧਿਐਨ ਵਿਚ ਪੀ. ਐੱਚ. ਡੀ. ਅਤੇ ਮਾਸਟਰ ਪੱਧਰ ਦੇ ਕੋਰਸ ਪੇਸ਼ ਕਰੇਗਾ। ਇਸ ਦੇ ਨਾਲ ਹੀ ਰਾਸ਼ਟਰੀ ਅਤੇ ਸਥਾਨਕ ਸਰਕਾਰ, ਐੱਨ. ਐੱਚ. ਐੱਸ. ਅਤੇ ਸਿੱਖ ਧਾਰਮਿਕ ਸਾਖਰਤਾ 'ਤੇ ਐਮਰਜੈਂਸੀ ਸੇਵਾਵਾਂ ਵਰਗੇ ਵੱਖੋ-ਵੱਖ ਕੰਮਕਾਜ ਦੇ ਅਧਿਆਪਕਾਂ ਅਤੇ ਪ੍ਰਬੰਧਕਾਂ ਲਈ ਪੇਸ਼ੇਵਰ ਵਿਕਾਸ (ਸੀ. ਪੀ. ਡੀ.) ਕੋਰਸ ਜਾਰੀ ਕਰੇਗਾ।
london image
ਇਹ ਯੂ. ਕੇ. ਵਿਚ ਪਹਿਲਾ ਅਕਾਦਮਿਕ ਤੌਰ 'ਤੇ ਸਮਰਥਨ ਪ੍ਰਾਪਤ ਗ੍ਰੰਥੀ (ਪੁਜਾਰੀ) ਅਤੇ ਗਿਆਨੀ (ਗ੍ਰੰਥਾਂ ਵਿਚ ਵਿਦਵਾਨ) ਸਿਖਲਾਈ ਕੇਂਦਰ ਹੋਵੇਗਾ। ਕੇਂਦਰ ਦੀ ਡਾਇਰੈਕਟਰ ਉਪਿੰਦਰਜੀਤ ਕੌਰ ਨੇ ਕਿਹਾ, ''ਯੂ. ਕੇ. ਵਿਚ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਭਾਸ਼ਾ ਅਤੇ ਸਮਝ ਦੀ ਕਮੀ ਕਾਰਨ ਬਾਣੀ ਨਾਲ ਨਹੀਂ ਜੁੜ ਪਾਉਂਦੇ। ਯੂ. ਕੇ. ਵਿਚ ਰਹਿਣ ਵਾਲੇ ਗ੍ਰੰਥੀ ਅਤੇ ਵਿਦਵਾਨ ਉਨ੍ਹਾਂ ਲੋਕਾਂ ਨਾਲ ਮਿਲ ਕੇ ਕੰਮ ਕਰਨਗੇ, ਜਿਨ੍ਹਾਂ ਨੂੰ ਭਾਰਤ ਤੋਂ ਆਉਣ ਲਈ ਸੱਦਾ ਦਿਤਾ ਜਾਵੇਗਾ।'' ਉਨ੍ਹਾਂ ਕਿਹਾ ਕਿ ਇਹ ਕੇਂਦਰ ਦਿੱਲੀ ਅਤੇ ਪੰਜਾਬ ਵਿਚ ਗੁਰਦੁਆਰਿਆਂ ਨਾਲ ਗੱਲਬਾਤ ਵਿਚ ਹੈ।
ਉਪਿੰਦਰਜੀਤ ਕੌਰ ਨੇ ਕਿਹਾ ਕਿ ਉਹ ਭਾਰਤ ਸਮੇਤ ਪੂਰੀ ਦੁਨੀਆਂ ਦੇ ਅਕਾਦਮਿਕ ਅਦਾਰਿਆਂ ਨਾਲ ਲਿੰਕ ਬਣਾਉਣ ਦੀ ਉਮੀਦ ਕਰਦੀ ਹੈ। ਇਹ ਕੇਂਦਰ ਇਕ ਕਰਾਸ ਫੈਕਲਟੀ ਪਹਿਲ ਹੈ ਅਤੇ ਵਾਲਵਰ ਹੈਮਪਟਨ ਯੂਨੀਵਰਸਿਟੀ ਵਿਚ ਤਕਰੀਬਨ ਹਰ ਵਿਭਾਗ ਜਾਂ ਸਕੂਲ ਜੁੜਿਆ ਹੋਇਆ ਹੈ। ਕੇਂਦਰ ਦੀ ਮਦਦ ਲਈ ਫੰਡ ਰਾਹੀਂ ਧਨ ਦਾਨ ਕਰਨ ਦੀ ਅਪੀਲ ਕੀਤੀ ਗਈ ਹੈ। ਬਰਸਿੰਘਮ ਵਿਚ ਭਾਰਤੀ ਵਣਜ ਦੂਤਘਰ ਨੇ ਕੇਂਦਰ ਨੂੰ ਪੂਰਾ ਸਹਿਯੋਗ ਦਿਤਾ ਹੈ ਅਤੇ ਭਾਰਤ ਦੇ ਐਕਟਿੰਗ ਕੌਂਸਲਜ਼ ਜਨਰਲ ਐੱਸ. ਐੱਮ. ਚੱਕਰਵਰਤੀ ਨੇ ਕੌਂਸਲ ਜਨਰਲ ਅਮਨ ਪੁਰੀ ਦੀ ਗੈਰ ਹਾਜ਼ਰੀ ਵਿਚ ਕੇਂਦਰ ਦੀ ਸ਼ੁਰੂਆਤ ਵਿਚ ਹਾਜ਼ਰੀਨ ਨੂੰ ਸੰਬੋਧਿਤ ਕੀਤਾ।