
ਸਿੱਖ ਨੌਜਵਾਨਾਂ ਨੂੰ ਭਾਰਤ ਵਿਰੁਧ ਤਿਆਰ ਕਰ ਰਿਹਾ ਹੈ ਪਾਕਿਸਤਾਨ
ਨਵੀਂ ਦਿੱਲੀ : ਭਾਰਤ ਵਿਚ ਹਮਲੇ ਕਰਾਉਣ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਸਿੱਖ ਨੌਜਵਾਨਾਂ ਨੂੰ ਅਤਿਵਾਦੀ ਸਿਖਲਾਈ ਦੇ ਰਹੀ ਹੈ। ਗ੍ਰਹਿ ਮੰਤਰਾਲੇ ਮੁਤਾਬਕ ਕੈਨੇਡਾ ਅਤੇ ਹੋਰ ਥਾਵਾਂ 'ਤੇ ਰਹਿ ਰਹੇ ਸਿੱਖਾਂ ਨੂੰ ਭਾਰਤ ਵਿਰੁਧ ਗ਼ਲਤ ਅਤੇ ਝੂਠੀ ਜਾਣਕਾਰੀ ਦਿਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਨੂੰ ਕੂੜ ਪ੍ਰਚਾਰ ਵਿਚ ਸ਼ਾਮਲ ਕਰ ਕੇ ਭਾਰਤ ਵਿਰੁਧ ਤਿਆਰ ਕੀਤਾ ਜਾ ਰਿਹਾ ਹੈ।
terrorism
ਗ੍ਰਹਿ ਮੰਤਰਾਲੇ ਦੇ ਅਫ਼ਸਰਾਂ ਨੇ ਭਾਜਪਾ ਸੰਸਦ ਮੈਂਬਰ ਮੁਰਲੀ ਮਨੋਹਰ ਜੋਸ਼ੀ ਦੀ ਪ੍ਰਧਾਨਗੀ ਵਾਲੇ ਸੰਸਦੀ ਪੈਨਲ ਨੂੰ ਦਸਿਆ ਕਿ ਅਤਿਵਾਦੀ ਜਥੇਬੰਦੀਆਂ ਸਿੱਖ ਨੌਜਵਾਨਾਂ ਅੰਦਰ ਇੰਟਰਨੈਟ ਅਤੇ ਸੋਸ਼ਲ ਮੀਡੀਆ ਰਾਹੀਂ ਕਟੜਤਾ ਫੈਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀ ਚੁਨੌਤੀ ਹੈ। ਕਮੇਟੀ ਦੀ ਰੀਪੋਰਟ ਮੁਤਾਬਕ ਕੇਂਦਰੀ ਹਥਿਆਰਬੰਦ ਪੁਲਿਸ ਅਤੇ ਅੰਦਰੂਨੀ ਸੁਰੱਖਿਆ ਏਜੰਸੀਆਂ ਨੇ ਸੋਮਵਾਰ ਨੂੰ ਪਾਰਲੀਮੈਂਟ ਵਿਚ ਪੇਸ਼ ਕੀਤੇ ਦਸਤਾਵੇਜ਼ਾਂ ਵਿਚ ਕਿਹਾ ਕਿ ਪਿਛਲੇ ਦਿਨੀਂ ਪਾਕਿਸਤਾਨ ਵਿਚ ਸਿੱਖ ਅਤਿਵਾਦੀ ਜਥੇਬੰਦੀਆਂ ਦੀ ਗਿਣਤੀ ਵਿਚ ਵਾਧਾ ਵੇਖਿਆ ਗਿਆ ਹੈ। ਰੀਪੋਰਟ ਮੁਤਾਬਕ ਆਈਐਸਆਈ ਅਤਿਵਾਦੀ ਜਥੇਬੰਦੀਆਂ ਦੇ ਕਮਾਂਡਰਾਂ ਅਤੇ ਖ਼ੁਫ਼ੀਆ ਏਜੰਸੀਆਂ 'ਤੇ ਪੰਜਾਬ ਸਮੇਤ ਪੂਰੇ ਦੇਸ਼ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਦਬਾਅ ਪਾ ਰਹੀ ਹੈ। ਇਸ ਲਈ ਸਿੱਖ ਨੌਜਵਾਨਾਂ ਨੂੰ ਆਈਐਸਆਈ ਦੁਆਰਾ ਸਿਖਲਾਈ ਦਿਤੀ ਜਾ ਰਹੀ ਹੈ।
terrorism
ਜੇਲ ਵਿਚ ਆਏ ਨਵੇਂ ਕੇਡਰਾਂ, ਬੇਰੁਜ਼ਗਾਰ ਨੌਜਵਾਨਾਂ, ਅਪਰਾਧੀਆਂ ਅਤੇ ਤਸਕਰਾਂ ਨੂੰ ਪਾਕਿਸਤਾਨ ਦੀਆਂ ਅਤਿਵਾਦੀ ਜਥੇਬੰਦੀਆਂ ਅਤਿਵਾਦੀ ਹਮਲਿਆਂ ਲਈ ਅਪਣੇ ਨਾਲ ਜੋੜ ਰਹੀਆਂ ਹਨ। ਕਿਹਾ ਗਿਆ ਹੈ ਕਿ ਯੂਰਪ, ਯੂਐਸ ਅਤੇ ਕੈਨੇਡਾ ਵਿਚ ਰਹਿ ਰਹੇ ਸਿੱਖਾਂ ਨੂੰ ਭਾਰਤ ਵਿਰੁਧ ਝੂਠੇ ਪ੍ਰਾਪੇਗੰਡੇ ਤਹਿਤ ਤਿਆਰ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਇਹ ਵੀ ਦਸਿਆ ਕਿ ਨਕਸਲੀ ਵੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣੇ ਹੋਏ ਹਨ। (ਏਜੰਸੀ)