ਅਫ਼ਗ਼ਾਨਿਸਤਾਨ ਵਿਚ ਜੰਗ 'ਚ ਲੜਦਿਆਂ ਗਵਾਏ ਸਨ ਦੋਵੇਂ ਪੈਰ
ਬਣਾਉਟੀ ਪੈਰਾਂ ਨਾਲ ਦੁਨੀਆਂ ਦੇ ਸਭ ਦੇ ਉੱਚੇ ਪਹਾੜ ਦੇ ਸਿਖ਼ਰ 'ਤੇ ਪਹੁੰਚਣ ਵਾਲਾ ਬਣਿਆ ਪਹਿਲਾ ਵਿਅਕਤੀ
ਕਾਠਮਾਂਡੂ : ਸਾਬਕਾ ਬ੍ਰਿਟਿਸ਼ ਗੋਰਖ਼ਾ ਫ਼ੌਜੀ ਨੇ ਇਤਿਹਾਸ ਰਚਿਆ ਹੈ ਅਤੇ ਹੌਸਲੇ ਦੀ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਹਰੀ ਬੁਧਮਗਰ ਨੇ ਬਣਾਉਟੀ ਪੈਰਾਂ ਦੇ ਸਹਾਰੇ ਮਾਊਂਟ ਐਵਰੈਸਟ ਫ਼ਤਹਿ ਕੀਤਾ ਹੈ। ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ਵਿਚ 2010 ਵਿਚ ਜੰਗ ਲੜਦਿਆਂ ਹਰੀ ਬੁਧਮਗਰ ਨੇ ਅਪਣੇ ਦੋਵੇਂ ਪੈਰ ਗਵਾ ਲਏ ਸਨ ਪਰ ਉਸ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ।
ਹਰੀ ਬੁਧਮਗਰ ਬਣੌਟੀ ਪੈਰਾਂ ਦੇ ਸਹਾਰੇ ਦੁਨੀਆਂ ਦੇ ਸੱਭ ਦੇ ਉੱਚੇ ਪਹਾੜ ਦੇ ਸਿਖ਼ਰ 'ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਇਕ ਅਧਿਕਾਰੀ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ 43 ਸਾਲਾ ਹਰੀ ਬੁਧਮਗਰ ਸ਼ੁੱਕਰਵਾਰ ਦੁਪਹਿਰ ਨੂੰ 8848.86 ਮੀਟਰ ਉੱਚੇ ਪਹਾੜ ਦੇ ਸਿਖ਼ਰ 'ਤੇ ਪਹੁੰਚਿਆ।
ਨੇਪਾਲ ਦੇ ਸੈਰ-ਸਪਾਟਾ ਵਿਭਾਗ ਦੇ ਇਕ ਅਧਿਕਾਰੀ ਬਿਗਯਾਨ ਕੋਇਰਾਲਾ ਨੇ ਪੁਸ਼ਟੀ ਕੀਤੀ ਕਿ ਮਗਰ ਪੰਜ ਸ਼ੇਰਪਾ ਗਾਈਡਾਂ ਨਾਲ ਪਹਾੜ 'ਤੇ ਚੜ੍ਹਿਆ ਸੀ ਅਤੇ ਉਸ ਦੀ ਇਸ ਫ਼ਤਹਿ ਨੇ ਇਕ ਵਿਸ਼ਵ ਰਿਕਾਰਡ ਬਣਾਇਆ ਹੈ।
ਉਹ ਇਸ ਸ਼੍ਰੇਣੀ ਵਿਚ ਵਿਸ਼ਵ ਦੀ ਸਭ ਤੋਂ ਉੱਚੇ ਪਹਾੜ ਨੂੰ ਫ਼ਤਹਿ ਕਰਨ ਵਾਲੇ ਪਹਿਲੇ ਵਿਅਕਤੀ ਹਨ। ਬੁਧਮਗਰ ਨੇ 2010 ਵਿਚ ਅਫ਼ਗਾਨਿਸਤਾਨ ਜੰਗ ਵਿਚ ਬ੍ਰਿਟਿਸ਼ ਗੋਰਖ਼ਾ ਦੇ ਇਕ ਫ਼ੌਜੀ ਵਜੋਂ ਬਰਤਾਨੀਆ ਸਰਕਾਰ ਲਈ ਲੜਦਿਆਂ ਅਪਣੇ ਦੋਵੇਂ ਪੈਰ ਗਵਾ ਦਿਤੇ ਸਨ। ਜਾਣਕਾਰੀ ਅਨੁਸਾਰ ਉਹ 1999 ਵਿਚ ਬ੍ਰਿਟਿਸ਼ ਫ਼ੌਜ ਵਿਚ ਭਰਤੀ ਹੋਏ ਸਨ ਅਤੇ 2010 ਵਿਚ ਅਫ਼ਗ਼ਾਨਿਸਤਾਨ ਵਿਚ ਗਸ਼ਤ ਡਿਊਟੀ ਦੌਰਾਨ ਇਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) 'ਤੇ ਕਦਮ ਰੱਖਣ ਤੋਂ ਬਾਅਦ ਅਪਣੀਆਂ ਦੋਵੇਂ ਲੱਤਾਂ ਗੁਆ ਦਿਤੀਆਂ ਸਨ।
ਬੁਧਮਗਰ ਦਾ ਕਹਿਣਾ ਹੈ ਕਿ ਉਸ ਨੇ ਅਪਣੀ ਅਪਾਹਜਤਾ ਕਾਰਨ ਬਹੁਤ ਦੁੱਖ ਝੱਲੇ ਹਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਹੋਰ ਲੋਕ ਵੀ ਉਸੇ ਤਰ੍ਹਾਂ ਦੇ ਦਰਦ ਦਾ ਸਾਹਮਣਾ ਕਰਨ। ਉਨ੍ਹਾਂ ਕਿਹਾ, "ਮੈਨੂੰ ਉਮੀਦ ਹੈ ਕਿ ਮੇਰੀ ਚੜ੍ਹਾਈ ਅਪਾਹਜ ਵਿਅਕਤੀਆਂ ਦੀ ਧਾਰਨਾ ਨੂੰ ਬਦਲਣ ਵਿਚ ਮਦਦ ਕਰੇਗੀ। ਮੈਂ ਸਾਰੇ ਲੋਕਾਂ ਨੂੰ ਆਪਣੀ ਪਸੰਦ ਦੇ ਕਿਸੇ ਵੀ ਪਹਾੜ 'ਤੇ ਚੜ੍ਹਨ ਲਈ ਉਤਸ਼ਾਹਿਤ ਕਰਨਾ ਚਾਹਾਂਗਾ।"