ਕਿਹਾ, ਕਾਨੂੰਨ ਤਹਿਤ ਜੋ ਸੰਭਵ ਹੋਵੇਗਾ ਅਸੀਂ ਉਸ ਅਨੁਸਾਰ ਪ੍ਰਗਟਾਵੇ ਦੀ ਆਜ਼ਾਦੀ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ
ਨਿਊਯਾਰਕ (ਅਮਰੀਕਾ), 21 ਜੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੇ ਜਦੋਂ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਦੇ ਮਾਲਕ ਐਲਨ ਮਸਕ ਤੋਂ ਸਾਬਕਾ ਮਾਲਿਕ ਅਤੇ ਸੀ.ਈ.ਓ. ਜੈਕ ਡੋਰਸੀ ਵਲੋਂ ਭਾਰਤ ਸਰਕਾਰ ਵਿਰੁਧ ਪਿੱਛੇ ਜਿਹੇ ਲਾਏ ਦੋਸ਼ਾਂ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਟਵਿੱਟਰ ਕੋਲ ਸਥਾਨਕ ਸਰਕਾਰ ਦੀ ਗੱਲ ਮੰਨਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ, ਨਹੀਂ ਤਾਂ ਉਹ ਬੰਦ ਹੋ ਜਾਵੇਗਾ। ਉਨ੍ਹਾਂ ਕਿਹਾ, ‘‘ਅਸੀਂ ਸਿਰਫ਼ ਕਿਸੇ ਵੀ ਦੇਸ਼ ਦੇ ਕਾਨੂੰਨਾਂ ਦਾ ਪਾਲਣ ਕਰ ਸਕਦੇ ਹਾਂ। ਅਸੀਂ ਇਸ ਤੋਂ ਵਧ ਹੋਰ ਕੁਝ ਨਹੀਂ ਕਰ ਸਕਦੇ।’’
ਇਹ ਵੀ ਪੜ੍ਹੋ: ਮੁੱਖ ਸਕੱਤਰ ਵਲੋਂ ਆਮ ਆਦਮੀ ਕਲੀਨਿਕਾਂ ਉਤੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਆਧਾਰ ਐਨਰੋਲਮੈਂਟ ਕਰਨ ਦੇ ਨਿਰਦੇਸ਼
ਮਸਕ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਦੇ ਵੱਖ-ਵੱਖ ਨਿਯਮ ਅਤੇ ਕਾਨੂੰਨ ਹਨ ਅਤੇ ‘ਕਾਨੂੰਨ ਤਹਿਤ ਜੋ ਸੰਭਵ ਹੋਵੇਗਾ ਅਸੀਂ ਉਸ ਅਨੁਸਾਰ ਪ੍ਰਗਟਾਵੇ ਦੀ ਆਜ਼ਾਦੀ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।’ (ਪੀਟੀਆਈ)
ਭਾਰਤ ’ਚ ਵੱਡਾ ਨਿਵੇਸ਼ ਦਾ ਭਰੋਸਾ
ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਇੰਕ. ਭਾਰਤ ’ਚ ਵੱਡੇ ਨਿਵੇਸ਼ ਦੀ ਤਿਆਰ ਕਰ ਰਹੀ ਹੈ। ਕੰਪਨੀ ਦੇ ਸੀ.ਈ.ਓ. (ਮੁਖੀ) ਐਲਨ ਮਸਕ ਨੇ ਇਹ ਗੱਲ ਕਹੀ ਹੈ। ਮਸਕ ਦਾ ਮੰਨਣਾ ਹੈ ਕਿ ਦੁਨੀਆਂ ਦੇ ਕਿਸੇ ਹੋਰ ਵੱਡੇ ਦੇਸ਼ ਮੁਕਾਬਲੇ ਭਾਰਤ ’ਚ ਵੱਧ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਅਗਲੇ ਸਾਲ ਭਾਰਤ ਆਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ: ਮਲੇਰਕੋਟਲਾ 'ਚ ਪੁਲਿਸ ਮੁਲਾਜ਼ਮ ਦੀ ਛਾਤੀ 'ਚ ਗੋਲੀ ਲੱਗਣ ਨਾਲ ਮੌਤ
ਇਹ ਪੁੱਛੇ ਜਾਣ ’ਤੇ ਕਿ ਕੀ ਟੈਸਲਾ ਭਾਰਤੀ ਬਾਜ਼ਾਰ ’ਚ ਪੈਰ ਰੱਖੇਗੀ? ਮਸਕ ਨੇ ਕਿਹਾ ਕਿ ਉਹ ਅਗਲੇ ਸਾਲ ਭਾਰਤ ਦੀ ਯਾਤਰਾ ’ਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਯਕੀਨ ਹੈ ਕਿ ਟੈਸਲਾ ਭਾਰਤ ’ਚ ਹੋਵੇਗੀ।’’ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਹੈ। ਚੀਨ ਅਤੇ ਅਮਰੀਕਾ ’ਚ ਵਧਦੇ ਤਣਾਅ ਵਿਚਕਾਰ ਭਾਰਤ ਖ਼ੁਦ ਨੂੰ ਅਮਰੀਕੀ ਕੰਪਨੀਆਂ ਲਈ ਨਿਵੇਸ਼ ਦੀ ਨਵੀਂ ਮੰਜ਼ਿਲ ਵਜੋਂ ਪੇਸ਼ ਕਰ ਰਿਹਾ ਹੈ।
ਮਸਕ ਟੈਸਲਾ ਦੇ ਅਗਲੇ ਕਾਰਖ਼ਾਨੇ ਲਈ ਥਾਂ ਲੱਭ ਰਹੇ ਹਨ। ਉਹ ਫਰਾਂਸ, ਦਖਣੀ ਕੋਰੀਆ ਅਤੇ ਇੰਡੋਨੇਸ਼ੀਆ ’ਚ ਸੰਭਾਵਤ ਕਾਰਖ਼ਾਨਾ ਲਾਉਣ ਦੀ ਭਾਲ ’ਚ ਹਨ। ਉਨ੍ਹਾਂ ਕਿਹਾ ਕਿ ਭਾਰਤ ’ਚ ਸੂਰਜੀ ਊਰਜਾ ਸਮੇਤ ਹਰਿਤ ਊਰਜਾ ਲਈ ਮਜ਼ਬੂਤ ਸੰਭਾਵਨਾਵਾਂ ਹਨ ਅਤੇ ਭਾਰਤ ਇਸ ਮਾਮਲੇ ’ਚ ਬਿਹਤਰੀਨ ਕੰਮ ਕਰ ਰਿਹਾ ਹੈ।
ਇਕ ਵੱਖ ਵੀਡੀਓ ਬਿਆਨ ’ਚ ਮਸਕ ਨੇ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ, ‘‘ਉਨ੍ਹਾਂ ਨੂੰ ਸੱਚਮੁਚ ਭਾਰਤ ਦੀ ਫ਼ਿਕਰ ਹੈ ਕਿਉਂਕਿ ਉਹ ਅਪਣੇ ਦੇਸ਼ ’ਚ ਨਿਵੇਸ਼ ਲਈ ਸਾਡੇ ਨਾਲ ਗੱਲ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਉਹ ਮੋਦੀ ਦੇ ਕਦਰਦਾਨ ਹਨ। ਮਸਕ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਅੱਜ ਤੁਹਾਨੂੰ ਮਿਲ ਕੇ ਬਹੁਤ ਚੰਗਾ ਲਗਿਆ ਐਲਨ ਮਸਕ। ਅਸੀਂ ਊਰਜਾ ਤੋਂ ਲੈ ਕੇ ਅਧਿਆਤਮਿਕਤਾ ਤਕ ਕਈ ਮੁੱਦਿਆਂ ’ਤੇ ਵਿਸਤਾਰ ਨਾਲ ਗੱਲਬਾਤ ਕੀਤੀ।’’ ਇਸ ’ਤੇ ਮਸਕ ਨੇ ਜਵਾਬ ਦਿਤਾ, ‘‘ਤੁਹਾਡੇ ਨਾਲ ਮੁੜ ਮਿਲਣਾ ਮੇਰੇ ਲਈ ਮਾਣ ਦੀ ਗੱਲ ਹੈ।’’